Site icon SMZ NEWS

ਕੋਰੋਨਾ ਸੰਕਟ ਨਾਲ ਨਜਿੱਠਣ ਲਈ ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸ਼ਨ ਨੇ ਚੁੱਕਿਆ ਵੱਡਾ ਕਦਮ ਅਤੇ ਲੋਕਾਂ ਤੋਂ ਕੀਤੀ ਸਹਿਯੋਗ ਦੀ ਮੰਗ

ਲੁਧਿਆਣਾ (ਤਰਸੇਮ ਭਾਰਦਵਾਜ)-ਅਸਥਾਈ ਕੋਵਿਡ ਹਸਪਤਾਲਾਂ ਰਾਹੀਂ ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਨਾਲ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਦੇ ਉਦੇਸ਼ ਨਾਲ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਰਕਾਰੀ ਮੈਰੀਟੋਰੀਅਸ ਸਕੂਲ ਅਤੇ ਕਮਿਊਨਿਟੀ ਹੈਲਥ ਸੈਂਟਰ (ਸੀ.ਐਚ.ਸੀ) ਜਵੱਦੀ ਵਿਖੇ ਲੈਵਲ-2 ਦੇ 100 ਬੈਡ (50 ਇੱਕ ਵਿੱਚ) ਸਥਾਪਤ ਕਰਨ ਦਾ ਫੈਸਲਾ ਕੀਤਾ ਹੈ। ਦੋਵਾਂ ਹਸਪਤਾਲਾਂ ਦੀਆਂ ਸਹੂਲਤਾਂ ਦਾ ਨਿਰੀਖਣ ਕਰਦਿਆਂ ਨਗਰ ਨਿਗਮ ਕੌਂਸਲਰ ਸ੍ਰੀਮਤੀ ਮਮਤਾ ਆਸ਼ੂ, ਵਧੀਕ ਡਿਪਟੀ ਕਮਿਸ਼ਨਰ (ਜਨਰਲ) ਅਮਰਜੀਤ ਬੈਂਸ, ਐਸ.ਡੀ.ਐਮ. (ਪੱਛਮੀ) ਸ.ਅਮਰਿੰਦਰ ਸਿੰਘ ਮੱਲ੍ਹੀ, ਸਿਵਲ ਸਰਜਨ ਡਾ. ਕਿਰਨ ਆਹਲੂਵਾਲੀਆ ਗਿੱਲ, ਡੀ.ਐਮ.ਸੀ. ਦੇ ਮਾਹਰ ਡਾ. ਬਿਸ਼ਵ ਮੋਹਨ ਦੇ ਨਾਲ ਡਿਪਟੀ ਕਮਿਸ਼ਨਰ ਲੁਧਿਆਣਾ ਵਰਿੰਦਰ ਕੁਮਾਰ ਸ਼ਰਮਾ ਨੇ ਅਧਿਕਾਰੀਆਂ ਨੂੰ ਲੈਵਲ-2 ਕੋਵਿਡ ਕੇਅਰ ਸਹੂਲਤਾਂ ਵਜੋਂ ਪਾਈਪਾਂ ਰਾਹੀਂ ਆਕਸੀਜਨ ਦੀ ਸਪਲਾਈ, ਬੈਡ ਅਤੇ ਏ.ਸੀ. ਲਗਾਉਣ ਦੇ ਨਾਲ-ਨਾਨ ਇਹਨਾਂ ਦੋਵਾਂ ਥਾਵਾਂ ‘ਤੇ ਹੋਰ ਲਾਜ਼ਮੀ ਜ਼ਰੂਰਤਾਂ ਪੂਰੀਆਂ ਕਰਨ ਲਈ ਵੀ ਕਿਹਾ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਨ੍ਹਾਂ ਦੋਵਾਂ ਕੋਵਿਡ ਕੇਅਰ ਸੈਂਟਰਾਂ ‘ਚ ਲੋੜੀਂਦਾ ਬੁਨਿਆਦੀ ਢਾਂਚਾ ਮੌਜੂਦ ਹੈ ਅਤੇ ਇਨ੍ਹਾਂ ਦੀ ਵਰਤੋਂ ਦੂਜੇ ਹਸਪਤਾਲਾਂ ‘ਤੇ ਭਾਰ ਘਟਾਉਣ ਅਤੇ ਉਨ੍ਹਾਂ ਦੇ ਲੈਵਲ-2 ਦੇ ਬੈਡਾਂ ਨੂੰ ਆਈ.ਸੀ.ਯੂ. ਬੈੱਡਾਂ ‘ਚ ਤਬਦੀਲ ਕਰਕੇ ਲੈਵਲ-2 ਦੇ ਮਰੀਜ਼ਾਂ ਦਾ ਇਲਾਜ ਕਰਨ ਲਈ ਕੀਤੀ ਜਾਣੀ ਚਾਹੀਦੀ ਹੈ। ਡਿਪਟੀ ਕਮਿਸ਼ਨਰ ਨੇ ਉਥੇ ਵੱਖ-ਵੱਖ ਹਾਲਾਂ ਦਾ ਦੌਰ ਵੀ ਕੀਤਾ ਅਤੇ ਅਧਿਕਾਰੀਆਂ ਨੂੰ ਲੋੜੀਂਦੀਆਂ ਹਦਾਇਤਾਂ ਜਾਰੀ ਕੀਤੀਆਂ। ਉਨ੍ਹਾਂ ਕਿਹਾ ਕਿ ਸੀ.ਐਚ.ਸੀ. ਜਵੱਦੀ ਵਿਖੇ ਕੋਵਿਡ ਕੇਅਰ ਸੈਂਟਰ ਵੀਰਵਾਰ (6 ਮਈ) ਅਤੇ ਮੈਰੀਟੋਰੀਅਸ ਸਕੂਲ ਅਗਲੇ ਸੋਮਵਾਰ ਤੱਕ ਸ਼ੁਰੂ ਹੋਣਾ ਯਕੀਨੀ ਬਣਾਇਆ ਜਾਵੇ।

ਸ੍ਰੀਮਤੀ ਮਮਤਾ ਆਸ਼ੂ ਨੇ ਕਿਹਾ ਕਿ ਕੈਬਨਿਟ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਦੀ ਪੂਰੀ ਟੀਮ ਵਸਨੀਕਾਂ ਨੂੰ ਵਧੀਆ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਉਹ ਨਿੱਜੀ ਤੌਰ ‘ਤੇ ਸਾਰੀ ਸਥਿਤੀ ‘ਤੇ ਨਜ਼ਰ ਰੱਖ ਰਹੇ ਹਨ ਅਤੇ ਜ਼ਿਲ੍ਹੇ ਦੇ ਹੋਰਨਾਂ ਹਿੱਸਿਆਂ ‘ਚ ਵੀ ਇਸੇ ਤਰਾਂ ਲੈਵਲ-2 ਦੀਆਂ ਸਹੂਲਤਾਂ ਸਥਾਪਤ ਕੀਤੀਆਂ ਜਾਣਗੀਆਂ। ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਇਨ੍ਹਾਂ ਦੋਵਾਂ ਇਮਾਰਤਾਂ ਲਈ ਚੈਂਬਰ ਆਫ ਇੰਡਸਟ੍ਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਜ਼ (ਸੀ.ਆਈ.ਸੀ.ਯੂ) ਵੱਲੋਂ ਆਕਸੀਜ਼ਨ ਸਪਲਾਈ ਪਾਈਪ ਲਾਈਨ ਸਥਾਪਤ ਕਰਨ ਲਈ ਮਾਲੀ ਸਹਾਇਤਾ ਦਿੱਤੀ ਜਾ ਰਹੀ ਹੈ।

ਸ੍ਰੀ ਸ਼ਰਮਾ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਕੋਵਿਡ-19 ਮਹਾਮਾਰੀ ਕਾਰਨ ਪੈਦਾ ਹੋਣ ਵਾਲੀ ਹਰ ਤਰ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਆਕਸੀਜਨ ਅਤੇ ਹੋਰ ਲੋੜੀਂਦੀਆਂ ਦਵਾਈਆਂ ਦੀ ਉਪਲੱਬਧਤਾ ਸਮੇਤ ਸਰੋਤਾਂ ਦੀ ਘਾਟ ਨਹੀਂ ਹੈ।ਉਨ੍ਹਾਂ ਕਿਹਾ ਕਿ ਕੋਵਿਡ-19 ਦੀ ਦੂਜੀ ਵਿਨਾਸ਼ਕਾਰੀ ਲਹਿਰ ‘ਤੇ ਫਤਿਹ ਪਾਉਣ ਲਈ ਪ੍ਰਸ਼ਾਸਨ ਨੂੰ ਲੋਕਾਂ ਦੇ ਸਰਗਰਮ ਸਮਰਥਨ ਦੀ ਲੋੜ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਧੀਰਜ ਰੱਖਣ ਅਤੇ ਸਮਾਜਿਕ ਦੂਰੀ, ਮਾਸਕ ਪਾਉਣਾ ਅਤੇ ਹੱਥਾਂ ਦੀ ਸਫਾਈ ਦੇ ਨਿਯਮਾਂ ਦੀ ਸਖਤੀ ਨਾਲ ਪਾਲਣ ਕਰਨ।

Exit mobile version