Site icon SMZ NEWS

ਆਕਸੀਜਨ ਪਹੁੰਚਣ ‘ਚ ਹੋਈ ਦੇਰੀ, 24 ਕੋਰੋਨਾ ਪੀੜਤ ਮਰੀਜ਼ਾਂ ਨੇ ਤੋੜਿਆ ਦਮ

ਇੱਕ ਪਾਸੇ ਕੋਰੋਨਾ ਦਾ ਕਹਿਰ ਅਤੇ ਦੂਜੇ ਪਾਸੇ ਦੇਸ਼ ਵਿੱਚ ਆਕਸੀਜਨ ਦੀ ਘਾਟ ਕਾਰਨ ਹੋਣ ਵਾਲੀਆਂ ਮੌਤਾਂ ਦਾ ਸਿਲਸਿਲਾ ਲਗਾਤਰ ਜਾਰੀ ਹੈ। ਕਰਨਾਟਕ ਦੇ ਚਾਮਰਾਜਨਗਰ ਵਿੱਚ ਹੁਣ ਆਕਸੀਜਨ ਦੀ ਘਾਟ ਕਾਰਨ 24 ਮਰੀਜ਼ਾਂ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਇੱਥੇ ਇੱਕ ਹਸਪਤਾਲ ਵਿੱਚ ਆਕਸੀਜਨ ਦੀ ਘਾਟ ਕਾਰਨ 24 ਮਰੀਜ਼ਾਂ ਦੀ ਮੌਤ ਹੋ ਗਈ ਹੈ। ਇਹ ਹਾਦਸਾ ਕੱਲ੍ਹ ਅੱਧੀ ਰਾਤ ਦਾ ਹੈ। ਹਾਦਸੇ ਤੋਂ ਬਾਅਦ ਢਾਈ ਸੌ ਆਕਸੀਜਨ ਸਿਲੰਡਰ ਮੈਸੂਰ ਤੋਂ ਚਾਮਰਾਜਨਗਰ ਭੇਜ ਦਿੱਤੇ ਗਏ ਹਨ। ਦਰਅਸਲ, ਚਾਮਰਾਜਨਗਰ ਹਸਪਤਾਲ ਨੂੰ ਬੇਲਾਰੀ ਤੋਂ ਆਕਸੀਜਨ ਮਿਲਣੀ ਸੀ, ਪਰ ਆਕਸੀਜਨ ਮਿਲਣ ਵਿੱਚ ਦੇਰੀ ਹੋਈ, ਜਿਸ ਕਾਰਨ ਇਹ ਵੱਡਾ ਹਾਦਸਾ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਆਪਣੀ ਜਾਨ ਗੁਆਉਣ ਵਾਲੇ ਜ਼ਿਆਦਾਤਰ ਮਰੀਜ਼ ਵੈਂਟੀਲੇਟਰਾਂ ‘ਤੇ ਸਨ। ਆਕਸੀਜਨ ਦੀ ਸਪਲਾਈ ਖ਼ਤਮ ਹੋਣ ਤੋਂ ਬਾਅਦ, ਉਨ੍ਹਾਂ ਨੇ ਤੜਫ਼ਣਾ ਸ਼ੁਰੂ ਕਰ ਦਿੱਤਾ ਅਤੇ ਜਿਸ ਤੋਂ ਕੁੱਝ ਦੇਰ ਬਾਅਦ ਉਨ੍ਹਾਂ ਦੀ ਮੌਤ ਹੋ ਗਈ।

ਕਰਨਾਟਕ ਦੇ ਸਿਹਤ ਮੰਤਰੀ ਡਾ. ਕੇ ਸੁਧਾਕਰ ਨੇ ਕਿਹਾ ਕਿ ਚਾਮਰਾਜਨਗਰ ਦੀ ਘਟਨਾ ਮੰਦਭਾਗੀ ਹੈ, ਮੈਂ ਮੁੱਖ ਮੰਤਰੀ ਨਾਲ ਵਿਚਾਰ ਵਟਾਂਦਰੇ ਕੀਤੇ ਹਨ, ਮੈਂ ਮੈਸੂਰ, ਮੰਡਿਆ ਅਤੇ ਚਾਮਰਾਜਨਗਰ ਜਾ ਰਿਹਾ ਹਾਂ, ਉਥੇ ਜਾ ਕੇ ਇਹ ਵੇਖਾਗਾ ਕੇ ਮੌਤਾਂ ਕਿਵੇਂ ਹੋਈਆਂ ਅਤੇ ਜੋ ਵੀ ਸਮੱਸਿਆ ਹੈ, ਇਸ ਨੂੰ ਹੱਲ ਕਰਨ ਲਈ ਮੈਂ ਪੂਰੀ ਕੋਸ਼ਿਸ਼ ਕਰਾਂਗਾ ਇਸ ਤੋਂ ਪਹਿਲਾਂ ਕਾਲਾਬੂੜੀ ਦੇ ਕੇਬੀਐਨ ਹਸਪਤਾਲ ਵਿੱਚ ਆਕਸੀਜਨ ਦੀ ਘਾਟ ਕਾਰਨ ਚਾਰ ਮਰੀਜ਼ਾਂ ਦੀ ਮੌਤ ਹੋ ਗਈ ਸੀ। ਇਸੇ ਦਿਨ ਯਾਦਗੀਰ ਦੇ ਸਰਕਾਰੀ ਹਸਪਤਾਲ ਵਿੱਚ ਲਾਈਟ ਕੱਟੇ ਜਾਣ ਕਾਰਨ ਵੈਂਟੀਲੇਟਰ ‘ਤੇ ਆਏ ਇੱਕ ਮਰੀਜ਼ ਦੀ ਵੀ ਮੌਤ ਹੋ ਗਈ ਸੀ। ਪਿੱਛਲੇ ਇੱਕ ਹਫ਼ਤੇ ਵਿੱਚ ਕਰਨਾਟਕ ਦੇ ਕਈ ਹਸਪਤਾਲਾਂ ਵਿੱਚ ਆਕਸੀਜਨ ਦੀ ਘਾਟ ਕਾਰਨ ਬਹੁਤ ਸਾਰੇ ਲੋਕਾਂ ਦੀ ਮੌਤ ਹੋ ਗਈ ਹੈ। ਇਸ ਸਮੇਂ ਕਰਨਾਟਕ ਵਿੱਚ ਕਰੋਨਾ ਦੇ ਕੇਸਾਂ ਦੀ ਕੁੱਲ ਗਿਣਤੀ 16 ਲੱਖ ਨੂੰ ਪਾਰ ਕਰ ਗਈ ਹੈ। ਐਤਵਾਰ ਨੂੰ 37 ਹਜ਼ਾਰ ਤੋਂ ਵੱਧ ਨਵੇਂ ਕੇਸ ਸਾਹਮਣੇ ਆਏ ਅਤੇ 217 ਕੋਰੋਨਾ ਮਰੀਜ਼ਾਂ ਦੀ ਮੌਤ ਹੋ ਗਈ। ਕੋਰੋਨਾ ਦੇ ਮਰੀਜ਼ਾਂ ਨੂੰ ਬੈੱਡ ਅਤੇ ਆਕਸੀਜਨ ਦੀ ਘਾਟ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ।

Exit mobile version