ਪੰਜਾਬ ਸਰਕਾਰ ਵੱਲੋਂ ਕੋਰੋਨਾ ਦੇ ਵਧਦੇ ਕੇਸਾਂ ਦੇ ਮੱਦੇਨਜ਼ਰ 1 ਮਈ ਤੋਂ ਲੈ ਕੇ 15 ਮਈ ਤੱਕ ਨਵੀਆਂ ਗਾਈਡਲਾਈਨਜ਼ ਜਾਰੀ ਕੀਤੀਆਂ ਗਈਆਂ ਹਨ। ਜਲੰਧਰ ਦੇ ਡੀ. ਸੀ. ਘਣਸ਼ਿਆਮ ਥੋਰੀ ਵੱਲੋਂ ਵੀ ਕੋਰੋਨਾ ਨੂੰ ਲੈ ਕੇ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਇਸੇ ਤਹਿਤ ਰੋਜ਼ਾਨਾ ਨਾਈਟ ਕਰਫਿਊ ਸ਼ਾਮ 6 ਵਜੇ ਤੋਂ ਸਵੇਰੇ 5 ਵਜੇ ਤੱਕ ਲਾਗੂ ਰਹੇਗਾ ਅਤੇ ਵੀਕੈਂਡ ਲਾਕਡਾਊਨ ਸ਼ਨੀਵਾਰ 5 ਵਜੇ ਤੋਂ ਲੈਕੇ ਸੋਮਵਾਰ ਸਵੇਰੇ 5 ਵਜੇ ਤੱਕ ਰਹੇਗਾ। ਬੱਸਾਂ, ਟੈਕਸੀਆਂ ਤੇ ਆਟੋ ਵਿਚ 50 ਫੀਸਦੀ ਸਵਾਰੀਆਂ ਨੂੰ ਬੈਠਣ ਦੀ ਇਜਾਜ਼ਤ ਹੋਵੇਗੀ। ਸਾਰੇ ਜਿੰਮ, ਸਵੀਮਿੰਗ ਪੂਲ, ਕੋਚਿੰਗ ਸੈਂਟਰ, ਕੰਪਲੈਕਸ ਬੰਦ ਰਹਿਣਗੇ। ਸਾਰੇ ਹੋਟਲਾਂ ਤੋਂ ਹੋਮ ਡਲਿਵਰੀ ਰਾਤ ਦੇ 9 ਵਜੇ ਤੱਕ ਜਾਰੀ ਰਹਿ ਸਕਦੀ ਹੈ। ਸਾਰੇ ਮਾਲਜ਼, ਮਲਟੀਪਲੈਕਸ ਸ਼ਾਮ ਦੇ 5 ਵਜੇ ਬੰਦ ਕਰ ਦਿੱਤੇ ਜਾਣਗੇ। ਸਾਰੇ ਹਫਤਾਵਾਰੀ ਬਾਜ਼ਾਰ ਬੰਦ ਰਹਿਣਗੇ।
ਵਿਆਹ ਸਮਾਗਮਾਂ ਤੇ ਭੋਗ ‘ਤੇ 20 ਤੋਂ ਵਧ ਵਿਅਕਤੀਆਂ ਨੂੰ ਸ਼ਾਮਲ ਹੋਣ ਦੀ ਇਜਾਜ਼ਤ ਨਹੀਂ ਹੋਵੇਗੀ। ਸਮਾਜਿਕ ਸਮਾਗਮਾਂ ਉਤੇ ਪੂਰਨ ਤੌਰ ‘ਤੇ ਪਾਬੰਦੀ ਹੋਵੇਗੀ। ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ । ਕਿਸੇ ਵੀ ਧਾਰਮਿਕ, ਸਮਾਜਿਕ ਜਾਂ ਸਿਆਸੀ ਸਮਾਗਮਾਂ ਚ ਸ਼ਾਮਿਲ ਹੋਣ ਵਾਲੇ 5 ਦਿਨ ਦੇ ਏਕਾਂਤਵਾਸ ‘ਚ ਰਹਿਣਗੇ। ਵਿੱਦਿਅਕ ਅਦਾਰੇ 15 ਮਈ ਤੱਕ ਬੰਦ ਰਹਿਣਗੇ। ਮੈਡੀਕਲ ਤੇ ਨਰਿਸੰਗ ਕਾਲਜਾਂ ਨੂੰ ਛੋਟ ਮਿਲੀ ਹੈ। ਸਾਰੇ ਨਿੱਜੀ ਦਫਤਰਾਂ ਦੇ ਮੁਲਜ਼ਮਾਂ ਨੂੰ ਵਰਕ ਫਰਾਮ ਹੋਮ ਦੀ ਇਜਾਜ਼ਤ ਹੋਵੇਗੀ ਤੇ ਸਰਕਾਰੀ ਦਫਤਰਾਂ ਵਿਚ +45 ਮੁਲਾਜ਼ਮਾਂ ਨੇ ਜੇਕਰ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ਼ ਵੀ ਨਹੀਂ ਲਗਵਾਈ ਹੈ ਤਾਂ ਉਨ੍ਹਾਂ ਨੂੰ ਵੈਕਸੀਨ ਲਗਾਉਣ ਲਈ ਉਤਸ਼ਾਹਿਤ ਕੀਤਾ ਜਾਵੇਗਾ ਤੇ ਉਦੋਂ ਤੱਕ ਉਹ ਛੁੱਟੀ ‘ਤੇ ਰਹਿਣਗੇ। 45 ਸਾਲ ਤੋਂ ਘੱਟ ਉਮਰ ਦੇ ਮੁਲਾਜ਼ਮਾਂ ਨੂੰ ਸਿਰਫ ਨੈਗੇਟਿਵ ਰਿਪੋਰਟ ਆਉਣ ‘ਤੇ ਹੀ ਦਫਤਰਾਂ ਵਿਚ ਕੰਮ ਕਰਨ ਦੀ ਇਜਾਜ਼ਤ ਹੋਵੇਗੀ।
ਦੱਸ ਦੇਈਏ ਕਿ ਜਲੰਧਰ ਵਿਚ ਪਿਛਲੇ 24 ਘੰਟਿਆਂ ਦਰਮਿਆਨ 560 ਨਵੇਂ ਕੇਸ ਮਿਲੇ ਹਨ ਅਤੇ 8 ਮਰੀਜ਼ਾਂ ਨੇ ਦਮ ਤੋੜ ਦਿੱਤਾ। ਪੰਜਾਬ ਵਿਚ ਕੋਰੋਨਾ ਬਹੁਤ ਹੀ ਰਫਤਾਰ ਨਾਲ ਫੈਲ ਰਿਹਾ ਹੈ ਜਿਸ ਕਾਰਨ ਲੋਕਾਂ ਵਿਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਪ੍ਰਸ਼ਾਸਨ ਵੱਲੋਂ ਵਾਰ-ਵਾਰ ਲੋਕਾਂ ਨੂੰ ਕੋਰੋਨਾ ਗਾਈਡਲਾਈਜ਼ ਦੀ ਪਾਲਣਾ ਕਰਨ ਨੂੰ ਕਿਹਾ ਜਾ ਰਿਹਾ ਹੈ ਤਾਂ ਜੋ ਕੋਰੋਨਾ ਦੀ ਵਧਦੀ ਲਾਗ ਨੂੰ ਸਮਾਂ ਰਹਿੰਦਿਆਂ ਹੀ ਕੰਟਰੋਲ ਕੀਤਾ ਜਾ ਸਕੇ।