ਪੂਰੇ ਦੇਸ਼ ‘ਚ ਕੋਰੋਨਾ ਵਾਇਰਸ ਇੱਕ ਵਾਰ ਫਿਰ ਕਹਿਰ ਮਚਾ ਰਿਹਾ ਹੈ। ਰੋਜਾਨਾ ਵੱਡੀ ਗਿਣਤੀ ਦੇ ਵਿੱਚ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਇਸ ਦੌਰਾਨ ਪੰਜਾਬ ‘ਚ ਵੀ ਕੋਰੋਨਾ ਨੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਇਸ ਸਮੇ ਸਥਿਤੀ ਕਾਫੀ ਚਿੰਤਾਜਨਕ ਹੋ ਗਈ ਹੈ। ਕੋਰੋਨਾ ਨੂੰ ਰੋਕਣ ਲਈ ਪੰਜਾਬ ਸਰਕਾਰ ਵਲੋਂ ਕਈ ਤਰਾਂ ਦੇ ਯਤਨ ਵੀ ਕੀਤੇ ਜਾ ਰਹੇ ਹਨ, ਸਰਕਾਰ ਵਲੋਂ ਸਖਤ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ ਗਏ ਹਨ। ਪਰ ਕੱਲ ਯਾਨੀ 1 ਮਈ ਤੋਂ ਦੇਸ਼ ਦੇ ਕਈ ਹਿੱਸਿਆਂ ਵਿੱਚ 18 ਤੋਂ 44 ਸਾਲ ਦੀ ਉਮਰ ਦੇ ਲੋਕਾਂ ਲਈ ਟੀਕਾਕਰਨ ਪ੍ਰੋਗਰਾਮ ਚਲਾਇਆ ਜਾਣਾ ਹੈ, ਇਸ ਨੂੰ ਸਰਕਾਰ ਦੁਆਰਾ ਟੀਕਾਕਰਣ ਦਾ ਤੀਜਾ ਪੜਾਅ ਕਿਹਾ ਜਾ ਰਿਹਾ ਹੈ। ਪਰ ਇਸ ਬਾਰੇ ਜ਼ਮੀਨੀ ਪੱਧਰ ‘ਤੇ ਸੱਚਾਈ ਕੀ ਹੈ, ਕੀ ਚੰਡੀਗੜ੍ਹ ਕੋਲ ਵੀ ਦੂਜੇ ਰਾਜਾਂ ਵਾਂਗ ਟੀਕੇ ਨਹੀਂ ਹਨ ? ਇਸ ਸਬੰਧੀ ਸਾਡੀ ਟੀਮ ਨੇ ਡਾ: ਅਮਨਦੀਪ ਕੰਗ, ਡਾਇਰੈਕਟਰ ਹੈਲਥ ਸਰਵਿਸਿਜ਼ ਨਾਲ ਗੱਲਬਾਤ ਕੀਤੀ।
ਜਿਸ ‘ਤੇ ਡੀਐਚਐਸ ਡਾ ਅਮਨਦੀਪ ਕੰਗ ਨੇ ਖ਼ੁਦ ਮੰਨਿਆ ਕਿ ਉਨ੍ਹਾਂ ਕੋਲ ਵੈਕਸੀਨ ਨਹੀਂ ਹੈ, ਇਸ ਲਈ ਟੀਕਾਕਰਨ ਦਾ ਇਹ ਪ੍ਰੋਗਰਾਮ ਭਲਕੇ ਤੋਂ ਸ਼ੁਰੂ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਦੱਸਿਆ ਕਿ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਸੀਰਮ ਇੰਸਟੀਟਿਊਟ ਨੂੰ ਟੀਕੇ ਦੀਆਂ 1 ਲੱਖ ਖੁਰਾਕਾਂ ਲਈ ਲਿਖਿਆ ਗਿਆ ਹੈ। ਜੇ ਇਹ ਖੁਰਾਕ ਅੱਜ ਰਾਤ ਪਹੁੰਚਦੀ ਹੈ, ਤਾਂ ਹੀ ਇਹ ਪ੍ਰੋਗਰਾਮ ਸ਼ੁਰੂ ਕੀਤਾ ਜਾ ਸਕਦਾ ਹੈ, ਜੇਕਰ ਵੈਕਸੀਨ ਨਾ ਪਹੁੰਚੀ ਤਾਂ ਟੀਕਾਕਰਨ ਦਾ ਇਹ ਪ੍ਰੋਗਰਾਮ ਸ਼ੁਰੂ ਨਹੀਂ ਹੋਵੇਗਾ। ਕੋਰੋਨਾ ਨੂੰ ਹਰਾਉਣ ਲਈ ਡਾਕਟਰੀ ਮਾਹਿਰਾਂ ਦੁਆਰਾ ਟੀਕਾਕਰਨ ਨੂੰ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ, ਪਰ ਜਦੋਂ ਪੂਰੇ ਦੇਸ਼ ਵਿੱਚ ਟੀਕੇ ਹੀ ਨਹੀਂ ਹਨ, ਤਾਂ ਲੋਕ ਕੋਰੋਨਾ ਦੀ ਇਸ ਮਹਾਂਮਾਰੀ ਤੋਂ ਕਿਵੇਂ ਛੁਟਕਾਰਾ ਪਾਉਣਗੇ।
Comment here