Indian PoliticsLudhiana NewsNationNewsPunjab newsWorld

ਘਰ-ਘਰ ਰੁਜ਼ਗਾਰ ਤਹਿਤ ਜੇਲ੍ਹ ਵਿਭਾਗ ਵਿੱਚ 43 ਨਵੇਂ ਸਹਾਇਕ ਸੁਪਰਡੈਂਟ ਨਿਯੁਕਤ, ਜੇਲ੍ਹ ਮੰਤਰੀ ਨੇ 4 ਨੂੰ ਸੌਂਪੇ ਨਿਯੁਕਤੀ ਪੱਤਰ

‘ਪੰਜਾਬ ਘਰ-ਘਰ ਰੁਜ਼ਗਾਰ ਅਤੇ ਕਰੋਬਾਰ ਮਿਸ਼ਨ’ ਤਹਿਤ ਸੂਬੇ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਲਈ ਜੇਲ੍ਹ ਵਿਭਾਗ ਵਿੱਚ 43 ਸਹਾਇਕ ਸੁਪਰਡੈਂਟ ਨਿਯੁਕਤ ਕੀਤੇ ਗਏ ਹਨ। ਜੇਲ੍ਹ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਇਥੇ ਪੰਜਾਬ ਸਿਵਲ ਸਕੱਤਰੇਤ ਸਥਿਤ ਦਫਤਰ ਵਿਖੇ ਭਰਤੀ ਕੀਤੇ ਇਨ੍ਹਾਂ ਸਹਾਇਕ ਸੁਪਰਡੈਂਟਾਂ ਵਿੱਚੋਂ ਸੰਕੇਤਕ ਤੌਰ ‘ਤੇ 4 ਸਹਾਇਕ ਸੁਪਰਡੈਂਟਾਂ ਨੂੰ ਨਿਯੁਕਤੀ ਪੱਤਰ ਸੌਂਪੇ ਹਨ। ਇਸ ਮੌਕੇ ਸ. ਰੰਧਾਵਾ ਨੇ ਚੁਣੇ ਗਏ ਜੇਲ੍ਹ ਕਰਮੀਆਂ ਨੂੰ ਆਪਣੀ ਡਿਊਟੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣ ਲਈ ਪ੍ਰੇਰਿਤ ਕੀਤਾ। ਕੋਵਿਡ ਬੰਦਿਸ਼ਾਂ ਦੇ ਚੱਲਦਿਆਂ ਬਾਕੀ 39 ਉਮੀਦਵਾਰਾਂ ਨੂੰ ਵੀ ਵੱਖਰੇ ਤੌਰ ‘ਤੇ ਨਿਯੁਕਤੀ ਪੱਤਰ ਸੌਂਪ ਦਿੱਤੇ ਗਏ ਹਨ।

ਜੇਲ੍ਹ ਮੰਤਰੀ ਨੇ ਅੱਗੇ ਕਿਹਾ ਕਿ ਜੇਲ੍ਹ ਵਿਭਾਗ ਵੱਲੋਂ ਸੂਬੇ ਦੀਆਂ ਜੇਲ੍ਹਾਂ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ ਨਾਲ ਮਿਸਾਲੀ ਤਬਦੀਲੀਆਂ ਕੀਤੀਆਂ ਜਾ ਰਹੀਆਂ ਹਨ ਜਿਸ ਵਿੱਚ ਸੀ.ਸੀ.ਟੀ.ਵੀ. ਲਗਾਉਣੇ ਵੀ ਸ਼ਾਮਿਲ ਹਨ ਤਾਂ ਜੋ ਜੇਲ੍ਹਾਂ ਅੰਦਰ ਮੋਬਾਈਲ ਫੋਨਾਂ ਦੀ ਤਸਕਰੀ ਵਰਗੀਆਂ ਘਟਨਾਵਾਂ ਨੂੰ ਰੋਕਣ ਲਈ ਪੈਣੀ ਨਜ਼ਰ ਰੱਖੀ ਜਾ ਸਕੇ ਅਤੇ ਕਿਸੇ ਅਣਸੁਖਾਵੀਂ ਘਟਨਾ ਨੂੰ ਰੋਕਿਆ ਜਾ ਸਕੇ। ਸ. ਰੰਧਾਵਾ ਨੇ ਕਿਹਾ, ”ਕਿਸੇ ਵੀ ਹਾਲਾਤ ਵਿੱਚ ਜੇਲ੍ਹਾਂ ਦੇ ਮਾਹੌਲ ਨੂੰ ਵਿਗਾੜਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ ਅਤੇ ਗੈਂਗਸਟਰਵਾਦ ਦੇ ਮਾਮਲੇ ਵਿੱਚ ਜ਼ੀਰੋ ਸਹਿਣਸ਼ੀਲਤਾ ਨੀਤੀ ਦੀ ਪਾਲਣਾ ਕੀਤੀ ਜਾਵੇਗੀ।”

ਏ.ਡੀ.ਜੀ.ਪੀ. (ਜੇਲ੍ਹਾਂ) ਸ੍ਰੀ ਪ੍ਰਵੀਨ ਕੁਮਾਰ ਸਿਨਹਾ ਨੇ ਦੱਸਿਆ ਕਿ ਸਹਾਇਕ ਸੁਪਰਡੈਂਟ ਵਜੋਂ ਚੁਣੇ ਗਏ 43 ਉਮੀਦਵਾਰਾਂ ਵਿੱਚ ਅੱਜ ਜਿਨ੍ਹਾਂ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ, ਉਨ੍ਹਾਂ ਵਿੱਚ ਜਸਕਿੰਦਰ ਸਿੰਘ, ਪ੍ਰਭਦਿਆਲ ਸਿੰਘ, ਅਕਾਸ਼ਦੀਪ ਬੱਤਰਾ ਅਤੇ ਸਮਨਦੀਪ ਕੌਰ ਸ਼ਾਮਿਲ ਹਨ। ਉਨ੍ਹਾਂ ਇਹ ਵੀ ਕਿਹਾ ਕਿ ਉਮੀਦਵਾਰ 6 ਮਹੀਨਿਆਂ ਲਈ ਪਟਿਆਲਾ ਦੇ ਪੰਜਾਬ ਜੇਲ੍ਹ ਸਿਖਲਾਈ ਸਕੂਲ ਵਿਖੇ ਸ਼ੁਰੂਆਤੀ ਸਿਖਲਾਈ ਹਾਸਿਲ ਕਰਨ ਉਪਰੰਤ ਪ੍ਰੈਟੀਕਲ ਟ੍ਰੇਨਿੰਗ ਹਾਸਿਲ ਕਰਨਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਮੁੱਖ ਸਕੱਤਰ ਜੇਲ੍ਹਾਂ ਡੀ.ਕੇ. ਤਿਵਾੜੀ ਅਤੇ ਆਈ.ਜੀ. (ਜੇਲ੍ਹਾਂ) ਆਰ.ਕੇ. ਅਰੋੜਾ ਵੀ ਮੌਜੂਦ ਸਨ।

Comment here

Verified by MonsterInsights