ਭਾਰਤ ਇਸ ਸਮੇਂ ਕੋਰੋਨਾ ਦੀ ਤਬਾਹੀ ਨਾਲ ਜੂਝ ਰਿਹਾ ਹੈ। ਦੇਸ਼ ਦੇ ਬਹੁਤੇ ਹਸਪਤਾਲਾਂ ਵਿੱਚ, ਇਸ ਸਮੇਂ ਕੋਰੋਨਾ ਹੋਣ ਕਾਰਨ ਆਕਸੀਜਨ ਦੀ ਵੱਡੀ ਘਾਟ ਆ ਰਹੀ ਹੈ। ਆਕਸੀਜਨ ਦੀ ਘਾਟ ਕਾਰਨ ਹਜ਼ਾਰਾਂ ਲੋਕ ਆਪਣੀ ਜਾਨ ਗੁਆ ਰਹੇ ਹਨ। ਅਜਿਹੀ ਸਥਿਤੀ ਵਿੱਚ ਦੇਸ਼-ਵਿਦੇਸ਼ ਦੇ ਸਾਰੇ ਲੋਕ ਮਦਦ ਲਈ ਹੱਥ ਵਧਾਉਣ ਲਈ ਅੱਗੇ ਆਏ ਹਨ। ਹੁਣ ਇਸ ਦੌਰਾਨ ਆਸਟ੍ਰੇਲੀਆ ਦੇ ਸਾਬਕਾ ਤੇਜ਼ ਗੇਂਦਬਾਜ਼ ਬਰੇਟ ਲੀ ਨੇ ਮੰਗਲਵਾਰ ਨੂੰ ਭਾਰਤੀ ਹਸਪਤਾਲਾਂ ਵਿੱਚ ਆਕਸੀਜਨ ਦੀ ਸਪਲਾਈ ਲਈ 1 ਬਿਟਕੋਇਨ (ਲੱਗਭਗ 41 ਲੱਖ ਰੁਪਏ) ਦਾਨ ਕਰਨ ਦਾ ਐਲਾਨ ਕੀਤਾ ਹੈ। ਬਰੇਟ ਲੀ ਇਸ ਸਮੇਂ ਆਈਪੀਐਲ ਕਾਰਨ ਭਾਰਤ ਵਿੱਚ ਹੈ। ਇਸ ਤੋਂ ਪਹਿਲਾਂ ਆਸਟ੍ਰੇਲੀਆ ਦੇ ਤੇਜ਼ ਗੇਂਦਬਾਜ਼ ਪੈਟ ਕਮਿੰਸ ਨੇ ਭਾਰਤ ਦੀ ਮਦਦ ਲਈ 50,000 ਡਾਲਰ (ਲੱਗਭਗ 37 ਲੱਖ ਰੁਪਏ) ਦਾਨ ਕਰਨ ਦਾ ਐਲਾਨ ਕੀਤਾ ਸੀ।
ਬਰੇਟ ਲੀ ਨੇ ਟਵਿੱਟਰ ‘ਤੇ ਭਾਰਤੀਆਂ ਲਈ ਇੱਕ ਭਾਵੁਕ ਸੰਦੇਸ਼ ਵੀ ਸਾਂਝਾ ਕੀਤਾ ਹੈ। ਲੀ ਨੇ ਲਿਖਿਆ, “ਭਾਰਤ ਮੇਰੇ ਲਈ ਹਮੇਸ਼ਾਂ ਦੂਜੇ ਘਰ ਵਰਗਾ ਹੈ। ਮੈਨੂੰ ਆਪਣੇ ਪੇਸ਼ੇਵਰ ਕੈਰੀਅਰ ਦੌਰਾਨ ਅਤੇ ਰਿਟਾਇਰਮੈਂਟ ਤੋਂ ਬਾਅਦ ਇੱਥੋਂ ਦੇ ਲੋਕਾਂ ਵੱਲੋਂ ਮਿਲੇ ਪਿਆਰ ਸਦਕਾ ਮੇਰੇ ਦਿਲ ਵਿੱਚ ਇਸ ਦੇਸ਼ ਲਈ ਇੱਕ ਖ਼ਾਸ ਜਗ੍ਹਾ ਹੈ। ਕੋਰੋਨਾ ਮਹਾਂਮਾਰੀ ਕਾਰਨ ਪੈਦਾ ਹੋਈ ਸਥਿਤੀ ਨੂੰ ਵੇਖ ਕੇ ਬਹੁਤ ਦੁੱਖ ਹੁੰਦਾ ਹੈ।” ਉਨ੍ਹਾਂ ਨੇ ਅੱਗੇ ਲਿਖਿਆ, “ਹੁਣ ਇਕਜੁੱਟ ਹੋਣ ਦਾ ਸਮਾਂ ਆ ਗਿਆ ਹੈ। ਸਾਨੂੰ ਸਾਰਿਆਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਵੱਧ ਤੋਂ ਵੱਧ ਲੋੜਵੰਦ ਲੋਕਾਂ ਦੀ ਮਦਦ ਕੀਤੀ ਜਾ ਸਕੇ।” ਬਰੇਟ ਲੀ ਨੇ ਇਸ ਮੁਸ਼ਕਿਲ ਸਥਿਤੀ ਵਿੱਚ ਆਪਣੇ ਫਰਜ਼ ਨਿਭਾਉਣ ਵਾਲੇ ਫਰੰਟਲਾਈਨ ਯੋਧਿਆਂ ਦਾ ਵੀ ਧੰਨਵਾਦ ਕੀਤਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਘਰ ਹੀ ਰਹਿਣ, ਮਾਸਕ ਪਹਿਨਣ ਅਤੇ ਸਮਾਜਿਕ ਦੂਰੀਆਂ ਦੀ ਪਾਲਣਾ ਕਰਨ। ਇਸ ਤੋਂ ਇਲਾਵਾ, ਉਨ੍ਹਾਂ ਨੇ ਮਦਦ ਲਈ ਹੱਥ ਵਧਾਉਣ ਦੀ ਪਹਿਲ ਕਰਨ ਲਈ ਪੈਟ ਕਮਿੰਸ ਦੀ ਵੀ ਸ਼ਲਾਘਾ ਕੀਤੀ।
Comment here