ਭਾਰਤ ਵਿੱਚ ਕੋਵਿਡ-19 ਦੀ ਦੂਜੀ ਲਹਿਰ ਬੇਲਗਾਮ ਹੁੰਦੀ ਜਾ ਰਹੀ ਹੈ। ਦੇਸ਼ ਵਿੱਚ ਲਗਾਤਾਰ ਵੱਧ ਰਹੇ ਕੋਰੋਨਾ ਦੇ ਮਾਮਲਿਆਂ ਕਾਰਨ ਹਾਲਾਤ ਚਿੰਤਾਜਨਕ ਬਣੇ ਹੋਏ ਹਨ । ਦੇਸ਼ ਦੇ ਕਈ ਰਾਜਾਂ ਨੂੰ ਆਕਸੀਜਨ ਦੀ ਕਮੀ ਤੇ ਹਸਪਤਾਲਾਂ ਵਿੱਚ ਬੈੱਡਾਂ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸੇ ਵਿਚਾਲੇ ਕਈ ਦੇਸ਼ਾਂ ਨੇ ਭਾਰਤ ਦੀ ਮਦਦ ਕਰਨ ਦੀ ਗੱਲ ਕਹੀ ਹੈ। ਇੱਥੇ ਹੀ ਦੂਜੇ ਪਾਸੇ ਹੁਣ ਕੰਪਨੀਆਂ ਵੀ ਭਾਰਤ ਦੀ ਮਦਦ ਲਈ ਅੱਗੇ ਆ ਰਹੀਆਂ ਹਨ। ਦਰਅਸਲ, ਹੁਣ ਗੂਗਲ ਕੰਪਨੀ ਦੇ ਸੀ.ਈ.ਓ. ਅਤੇ ਭਾਰਤੀ ਮੂਲ ਸੁੰਦਰ ਪਿਚਾਈ ਨੇ ਦੇਸ਼ ਦੀ ਮਦਦ ਕਰਨ ਦਾ ਐਲਾਨ ਕੀਤਾ ਹੈ। ਇਸ ਸਬੰਧੀ ਉਨ੍ਹਾਂ ਨੇ ਟਵੀਟ ਕਰ ਕੇ ਜਾਣਕਾਰੀ ਦਿੱਤੀ ਹੈ।
ਦਰਅਸਲ, ਇਸ ਬਾਰੇ ਮਾਈਕ੍ਰੋਸਾੱਫਟ ਦੇ ਸੀਈਓ ਨਡੇਲਾ ਨੇ ਟਵੀਟ ਕਰਦਿਆਂ ਕਿਹਾ, “ਮੈਂ ਭਾਰਤ ਦੀ ਮੌਜੂਦਾ ਸਥਿਤੀ ਤੋਂ ਦੁਖੀ ਹਾਂ। ਮੈਂ ਸ਼ੁਕਰਗੁਜ਼ਾਰ ਹਾਂ ਕਿ ਅਮਰੀਕੀ ਸਰਕਾਰ ਮਦਦ ਲਈ ਅੱਗੇ ਆਈ ਹੈ। ਮਾਈਕ੍ਰੋਸਾੱਫਟ ਰਾਹਤ ਦੇ ਯਤਨਾਂ ਵਿੱਚ ਸਹਾਇਤਾ ਲਈ ਆਪਣੀ ਆਵਾਜ਼, ਸਰੋਤਾਂ ਅਤੇ ਤਕਨਾਲੋਜੀ ਦੀ ਵਰਤੋਂ ਕਰਨਾ ਜਾਰੀ ਰੱਖੇਗੀ। ਕ੍ਰਿਟਿਕਲ ਆਕਸੀਜਨ ਕੰਸਟ੍ਰਕਸ਼ਨ ਡਿਵਾਈਸ ਖਰੀਦਣ ਵਿਚ ਸਹਾਇਤਾ ਕਰੇਗੀ।”
ਉੱਥੇ ਹੀ ਗੂਗਲ ਦੇ ਸੀਈਓ ਪਿਚਾਈ ਨੇ ਟਵੀਟ ਕਰਦਿਆਂ ਕਿਹਾ, “ਗੂਗਲ ਅਤੇ ਗੂਗਲਰਸ 135 ਕਰੋੜ ਰੁਪਏ ਦੀ ਫੰਡਿੰਗ ਯੂਨੀਸੇਫ਼ ਨੂੰ ਮੈਡੀਕਲ ਸਪਲਾਈ ਲਈ, ਉੱਚ ਜੋਖਮ ਵਾਲੇ ਭਾਈਚਾਰੇ ਦੀ ਸਹਾਇਤਾ ਕਰਨ ਵਾਲੀਆਂ ਸੰਸਥਾਵਾਂ ਅਤੇ ਮਹੱਤਵਪੂਰਣ ਜਾਣਕਾਰੀ ਪ੍ਰਦਾਨ ਕਰਨ ਵਾਲਿਆਂ ਨੂੰ ਗਰਾਂਟ ਦੇ ਤੌਰ ‘ਤੇ ਦੇ ਰਹੇ ਹਨ।”
ਦੱਸ ਦੇਈਏ ਕਿ ਸੱਤਿਆ ਨਡੇਲਾ ਅਤੇ ਸੁੰਦਰ ਪਿਚਾਈ ਦੇ ਟਵੀਟ ਭਾਰਤ ਨੂੰ ਅਮਰੀਕਾ ਦੇ ਕੱਚੇ ਮਾਲ ਦੀ ਸਪਲਾਈ ਕਰਨ ਲਈ ਤਿਆਰ ਹੋਣ ਤੋਂ ਬਾਅਦ ਆਏ ਹਨ । ਗੌਰਤਲਬ ਹੈ ਕਿ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੇ ਐਤਵਾਰ ਨੂੰ ਅਮਰੀਕਾ ਦੇ NSA ਜੈਕੀ ਸਲੀਵਨ ਨਾਲ ਫੋਨ ‘ਤੇ ਗੱਲਬਾਤ ਕੀਤੀ ਸੀ। ਇਸ ਗੱਲਬਾਤ ਤੋਂ ਬਾਅਦ ਹੁਣ ਅਮਰੀਕਾ ਭਾਰਤ ਨੂੰ ਕੋਵਿਡ ਟੀਕਾ ਬਣਾਉਣ ਲਈ ਲੋੜੀਂਦਾ ਕੱਚਾ ਮਾਲ ਦੇਣ ਲਈ ਸਹਿਮਤ ਹੋ ਗਿਆ ਹੈ ।