ਕੋਰੋਨਾ ਵਾਇਰਸ ਲਾਗ ਦੀ ਦੂਜੀ ਲਹਿਰ ਨੇ ਦੇਸ਼ ਵਿੱਚ ਹਾਹਾਕਾਰ ਮਚਾਈ ਹੋਈ ਹੈ। ਮਹਾਰਾਸ਼ਟਰ ਅਤੇ ਦਿੱਲੀ ਵਿੱਚ ਲਾਕਡਾਊਨ ਤੋਂ ਬਾਅਦ ਵੀ ਕੋਰੋਨਾ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਕੋਰੋਨਾ ਦੇ ਨਵੇਂ ਕੇਸ ਸਾਹਮਣੇ ਆਉਣ ਤੋਂ ਬਾਅਦ ਦੇਸ਼ ਵਿੱਚ ਕੁੱਲ ਪੀੜਤਾਂ ਦੀ ਗਿਣਤੀ 1 ਕਰੋੜ 73 ਲੱਖ 13 ਹਜ਼ਾਰ 163 ਹੋ ਗਈ ਹੈ । ਪਿਛਲੇ 24 ਘੰਟਿਆਂ ਵਿੱਚ ਕੈਰੋਨਾ ਵਾਇਰਸ ਦੀ ਲਾਗ ਦੇ 3,52,991 ਨਵੇਂ ਕੇਸ ਸਾਹਮਣੇ ਆਏ ਹਨ, ਜਦੋਂ ਕਿ 2812 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਸਿਹਤ ਮੰਤਰਾਲੇ ਦੇ ਅਨੁਸਾਰ ਦੇਸ਼ ਵਿੱਚ ਹੁਣ ਤੱਕ 1 ਕਰੋੜ 43 ਲੱਖ 4 ਹਜ਼ਾਰ 382 ਲੋਕ ਠੀਕ ਹੋ ਚੁੱਕੇ ਹਨ, ਜਦੋਂਕਿ ਇਸ ਸਮੇਂ 28 ਲੱਖ 13 ਹਜ਼ਾਰ 658 ਸਰਗਰਮ ਕੇਸ ਹਨ। ਪਿਛਲੇ 24 ਘੰਟਿਆਂ ਵਿੱਚ ਹੋਈਆਂ ਮੌਤਾਂ ਤੋਂ ਬਾਅਦ ਦੇਸ਼ ਵਿੱਚ ਮਰਨ ਵਾਲਿਆਂ ਦੀ ਗਿਣਤੀ ਹੁਣ 1 ਲੱਖ 95 ਹਜ਼ਾਰ 123 ਹੋ ਗਈ ਹੈ।
ਦੱਸ ਦੇਈਏ ਕਿ ਐਤਵਾਰ ਨੂੰ ਮਹਾਰਾਸ਼ਟਰ ਵਿੱਚ ਕੋਰੋਨਾ ਵਾਇਰਸ ਸੰਕਰਮਣ ਦੇ 66,191 ਮਾਮਲੇ ਸਾਹਮਣੇ ਆਏ, ਜਦੋਂ ਕਿ ਇਸ ਦੌਰਾਨ 832 ਲੋਕਾਂ ਦੀ ਮੌਤ ਹੋ ਗਈ । ਪਿਛਲੇ 24 ਘੰਟਿਆਂ ਦੌਰਾਨ 61,450 ਮਰੀਜ਼ਾਂ ਨੂੰ ਛੁੱਟੀ ਦਿੱਤੀ ਗਈ ਹੈ । ਰਾਜ ਵਿੱਚ 6,98,354 ਕਿਰਿਆਸ਼ੀਲ ਕੇਸ ਹਨ, ਜਦੋਂ ਕਿ 35,30,060 ਲੋਕ ਇਲਾਜ ਕਰਵਾ ਕੇ ਤੰਦਰੁਸਤ ਹੋ ਗਏ ਹਨ। ਰਾਜ ਵਿੱਚ ਕੋਰੋਨਾ ਕਾਰਨ 64,760 ਲੋਕਾਂ ਦੀ ਮੌਤ ਹੋ ਗਈ ਹੈ। ਉੱਥੇ ਹੀ ਦੂਜੇ ਪਾਸੇ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਐਤਵਾਰ ਨੂੰ ਕੋਰੋਨਾ ਵਾਇਰਸ ਦੀ ਲਾਗ ਦੇ 22,933 ਨਵੇਂ ਕੇਸ ਸਾਹਮਣੇ ਆਏ ਅਤੇ 350 ਲੋਕਾਂ ਦੀ ਮੌਤ ਹੋ ਗਈ।