ਦੇਸ਼ ਵਿੱਚ ਮਾਰੂ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਕੋਰੋਨਾ ਲਾਗ ਦੇ ਮਾਮਲਿਆਂ ਦੀ ਗਤੀ ਤੇਜ਼ੀ ਨਾਲ ਵੱਧਦੀ ਜਾ ਰਹੀ ਹੈ। ਪਿੱਛਲੇ 24 ਘੰਟਿਆਂ ਦੌਰਾਨ ਦੇਸ਼ ‘ਚ ਕੋਰੋਨਾ ਦੇ ਮਾਮਲਿਆਂ ਵਿੱਚ ਸਭ ਤੋਂ ਵੱਡਾ ਉਛਾਲ ਆਇਆ ਹੈ। ਇਸ ਦੌਰਾਨ ਪੰਜਾਬ ‘ਚ ਵੀ ਕੋਰੋਨਾ ਨੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਪਰ ਇਸ ਸਮੇ ਸਥਿਤੀ ਕਾਫੀ ਚਿੰਤਾਜਨਕ ਹੋ ਗਈ ਹੈ। ਕੋਰੋਨਾ ਮਹਾਂਮਾਰੀ ਵਿਰੁੱਧ ਲੜ ਰਹੇ ਪੰਜਾਬ ਦੇ ਕੋਲ ਹੁਣ ਮੈਡੀਕਲ ਆਕਸੀਜਨ ਦੀ ਘਾਟ ਤੋਂ ਇਲਾਵਾ, ਕੋਰੋਨਾ ਟੀਕੇ ਦਾ ਭੰਡਾਰ ਵੀ ਬੁੱਧਵਾਰ ਨੂੰ ਖਤਮ ਹੋ ਗਿਆ ਸੀ। ਇਸ ਦੌਰਾਨ ਕੋਵਿਡ -19 ਦੇ ਮਰੀਜ਼ਾਂ ਲਈ ਆਕਸੀਜਨ ਦੀ ਘਾਟ ਨੂੰ ਵੇਖਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਕੇਂਦਰ ਸਰਕਾਰ ਨੂੰ ਇੱਕ ਪੱਤਰ ਲਿਖ ਕੇ ਰਾਜ ਨੂੰ ਨਿਰਵਿਘਨ ਆਕਸੀਜਨ ਸਪਲਾਈ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਆਕਸੀਜਨ ਦੇ ਪੰਜਾਬ ਕੋਟੇ ਨੂੰ ਚੰਡੀਗੜ੍ਹ ਨਾਲ ਜੋੜਨ ’ਤੇ ਵੀ ਇਤਰਾਜ਼ ਜਤਾਇਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਰਾਜ ਦੇ ਸਾਰੇ ਸਿਹਤ ਸੰਭਾਲ ਸੰਸਥਾਵਾਂ ਵਿੱਚ ਮੈਡੀਕਲ ਆਕਸੀਜਨ ਨੂੰ ਸੰਭਾਲਣ ਦੀ ਸਮਰੱਥਾ 300 ਮੀਟਰਕ ਟਨ ਹੈ, ਪਰ ਮੌਜੂਦਾ ਸਥਿਤੀ ਵਿੱਚ ਇਸਦੀ ਪੰਜਾਬ ਵਿੱਚ ਰੋਜ਼ਾਨਾ ਲੋੜ 105-110 ਮੀਟਰਕ ਟਨ ਹੈ। ਇਹ ਜ਼ਰੂਰਤ ਅਗਲੇ ਦੋ ਹਫਤਿਆਂ ਵਿੱਚ 150-170 ਮੀਟਰਕ ਟਨ ਤੱਕ ਵੱਧ ਸਕਦੀ ਹੈ।
ਇਸ ਤੋਂ ਬਾਅਦ ਹੁਣ ਕੋਰੋਨਾ ਤੇ ਸਮੀਖਿਆ ਮੀਟਿੰਗ ਕਰਨ ਤੋਂ ਬਾਅਦ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਰਾਜ ਵਿੱਚ ਇਸ ਵੇਲੇ ਆਕਸੀਜਨ ਦੀ ਕੋਈ ਘਾਟ ਨਹੀਂ ਹੈ। ਪਰ ਜੇ ਕੇਸ ਵੱਧਦੇ ਹਨ ਜਾਂ ਬਹੁਤ ਪੀਕ ਆਉਂਦਾ ਹੈ, ਤਾਂ ਆਕਸੀਜਨ ਨੂੰ ਸਟੋਰ ਕਰਨਾ ਲਾਜ਼ਮੀ ਹੈ। ਜਿਸ ‘ਤੇ ਕੰਮ ਕੀਤਾ ਜਾ ਰਿਹਾ ਹੈ। ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਕੇਂਦਰ ਤੋਂ ਪੰਜਾਬ ਨੂੰ ਭੇਜੀਆਂ ਗਈਆਂ ਕੋਵਿਡ ਟੀਕੇ ਦੀਆਂ ਚਾਰ ਲੱਖ ਖੁਰਾਕਾਂ ਦੀ ਖੇਪ ਬਹੁਤ ਘੱਟ ਹੈ। ਉਨ੍ਹਾਂ ਕਿਹਾ ਕੇ ਪੰਦਰਾਂ ਲੱਖ ਖੁਰਾਕਾਂ ਘੱਟੋ ਘੱਟ ਇੱਕ ਵਾਰ ਪੰਜਾਬ ਭੇਜੀਆਂ ਜਾਣੀਆਂ ਚਾਹੀਦੀਆਂ ਹਨ। ਜਿਸ ਤੋਂ ਬਾਅਦ ਟੀਕਾਕਰਨ ਵਿੱਚ ਤੇਜ਼ੀ ਆਵੇਗੀ। ਕੇਂਦਰ ਨੇ ਟੀਕੇ ਦੀਆਂ ਕੀਮਤਾਂ ਵਿੱਚ ਜੋ ਵਾਧਾ ਕੀਤਾ ਹੈ, ਉਨ੍ਹਾਂ ਨੇ ਉਹ ਗਲਤ ਕੀਤਾ ਹੈ।