ਖੇਤੀ ਕਾਨੂੰਨਾਂ ਖ਼ਿਲਾਫ਼ ਪਿਛਲੇ 85 ਦਿਨਾਂ ਤੋਂ ਦਿੱਲੀ ਦੀਆਂ ਦੀਆਂ ਸਰਹਦਾਂ ’ਤੇ ਅੰਦੋਲਨ ਕਰ ਰਹੇ ਸਾਂਝੇ ਕਿਸਾਨ ਮੋਰਚੇ ਵੱਲੋਂ ਭਲਕੇ 18 ਫਰਵਰੀ ਨੂੰ ਦੇਸ਼ ਭਰ ਵਿੱਚ 4 ਘੰਟੇ ਲਈ ਰੇਲਾਂ ਦਾ ਚੱਕਾ ਜਾਮ ਕੀਤਾ ਜਾਵੇਗਾ। ਮੋਰਚੇ ਵੱਲੋਂ ਦਿੱਤੇ ‘ਰੇਲ ਰੋੋਕੋ’ ਦੇ ਸੱਦੇ ਤਹਿਤ ਦਿਨੇਂ 12 ਵਜੇ ਤੋਂ ਸ਼ਾਮ 4 ਵਜੇ ਤੱਕ ਕੌਮੀ ਅਹਿਮੀਅਤ ਵਾਲੇ ਸਾਰੇ ਰੇਲ ਮਾਰਗਾਂ ਸਮੇਤ ਲੋਕਲ ਰੇਲ ਪਟੜੀਆਂ ਉਪਰ ਰੇਲ ਗੱਡੀਆਂ ਰੋਕੀਆਂ ਜਾਣਗੀਆਂ। ਮੋਰਚੇ ਵੱਲੋਂ ਕਿਸਾਨਾਂ ਨੂੰ ਚਾਰ ਘੰਟੇ ਦੇ ਇਸ ਅੰਦੋਲਨ ਦੌਰਾਨ ਪੂਰੀ ਤਰ੍ਹਾਂ ਸ਼ਾਂਤਮਈ ਰਹਿਣ ਲਈ ਆਖਿਆ ਗਿਆ ਹੈ। ਕ੍ਰਾਂਤੀਕਾਰੀ ਕਿਸਾਨ ਯੂਨੀਅਨ (ਪੰਜਾਬ) ਦੇ ਪ੍ਰਧਾਨ ਡਾ. ਦਰਸ਼ਨ ਪਾਲ ਨੇ ਕਿਹਾ ਕਿ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਅੰਦੋਲਨ ਦੇ ਅਗਲੇ ਪੜਾਅ ਦੌਰਾਨ ਇਹ ‘ਰੇਲ ਰੋਕੋ’ ਪ੍ਰੋਗਰਾਮ ਸ਼ਾਂਤਮਈ ਤਰੀਕੇ ਨਾਲ ਬਿਨਾਂ ਕਿਸੇ ਨੂੰ ਤੰਗ ਕੀਤੇ ਮੋਰਚੇ ਨਾਲ ਜੁੜੀਆਂ 500 ਕਿਸਾਨ ਜਥੇਬੰਦੀਆਂ ਵੱਲੋਂ ਦੇਸ਼ ਭਰ ਵਿੱਚ ਯੂਨੀਅਨਾਂ ਦੀਆਂ ਸਥਾਨਕ ਇਕਾਈਆਂ ਨਾਲ ਮਿਲ ਕੇ ਨੇਪਰੇ ਚੜਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸਾਨ ਦਿੱਲੀ ਦੀਆਂ ਹੱਦਾਂ ਉਪਰ ਬੈਠੇ ਹਨ, ਜਿਸ ਕਰਕੇ ਦਿੱਲੀ ਵਿੱਚ ਰੇਲਾਂ ਬੰਦ ਕਰਨ ਦੀ ਥਾਂ ਦੇਸ਼ ਭਰ ਵਿੱਚ ਰੇਲ ਮਾਰਗ ਘੇਰੇ ਜਾਣਗੇ।
ਇਸ ਦੇ ਮੱਦੇਨਜ਼ਰ ਰੇਲਵੇ ਨੇ ਰੇਲਵੇ ਪ੍ਰੋਟੈਕਸ਼ਨ ਸਪੈਸ਼ਲ ਫੋਰਸ (ਆਰਪੀਐੱਸਐੱਫ) ਦੀਆਂ 20 ਵਾਧੂ ਕੰਪਨੀਆਂ ਪੂਰੇ ਦੇਸ਼ ਵਿੱਚ ਤਾਇਨਾਤ ਕਰ ਦਿੱਤੀਆਂ ਹਨ। ਪੰਜਾਬ, ਹਰਿਆਣਾ, ਯੂਪੀ ਤੇ ਪੱਛਮੀ ਬੰਗਾਲ ’ਚ ਵਾਧੂ ਬਲਾਂ ਦੀ ਤਾਇਨਾਤੀ ਦਾ ਵਿਸ਼ੇਸ਼ ਖਿਆਲ ਰੱਖਿਆ ਗਿਆ ਹੈ।