Uncategorized

ਦਿਸ਼ਾ ਵੱਲੋਂ ਗ੍ਰੇਟਾ ਥੁਨਬਰਗ ਨੂੰ ਭੇਜੀ ‘ਟੂਲਕਿੱਟ’ ਨਿਕਿਤਾ ਤੇ ਸ਼ਾਂਤਨੂੰ ਨਾਲ ਮਿਲ ਕੇ ਕੀਤੀ ਸੀ ਤਿਆਰ- ਦਿੱਲੀ ਪੁਲਿਸ

ਨਵੀਂ ਦਿੱਲੀ, 15 ਫਰਵਰੀ -ਦਿੱਲੀ ਪੁਲਿਸ ਨੇ ਕਿਹਾ ਹੈ ਕਿ ਲੰਘੇ ਦਿਨੀਂ ਬੈਂਗਲੁਰੂ ਤੋਂ ਗ੍ਰਿਫ਼ਤਾਰ ਕੀਤੀ ਦਿਸ਼ਾ ਰਵੀ ਨੇ ‘ਟੂਲਕਿੱਟ’ ਗ੍ਰੇਟਾ ਥੁਨਬਰਗ ਨੂੰ ਭੇਜੀ ਸੀ। ਪੁਲਿਸ ਦਾ ਕਹਿਣਾ ਹੈ ਕਿ ਕਿਸਾਨ ਅੰਦੋਲਨ ਨਾਲ ਸਬੰਧਿਤ ‘ਟੂਲਕਿੱਟ’ ਦਸਤਾਵੇਜ਼ ਨੂੰ ਦਿਸ਼ਾ ਨੇ ਮੁੰਬਈ ਦੀ ਵਕੀਲ ਨਿਕਿਤਾ ਜੈਕਬ ਤੇ ਪੁਣੇ ਦੀ ਇੰਜੀਨੀਅਰ ਸ਼ਾਂਤਨੂੰ ਨਾਲ ਮਿਲ ਕੇ ਤਿਆਰ ਕੀਤਾ ਅਤੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਹੈ। ਦਿਸ਼ਾ ਨੇ ‘ਟੂਲਕਿੱਟ’ ਨੂੰ ਟੈਲੀਗ੍ਰਾਮ ਐਪ ਜ਼ਰੀਏ ਗ੍ਰੇਟਾ ਥੁਨਬਰਗ ਨੂੰ ਭੇਜਿਆ ਸੀ। ਦਿੱਲੀ ਪੁਲਿਸ ਦੇ ਜੁਆਇੰਟ ਕਮਿਸ਼ਨਰ (ਕ੍ਰਾਈਮ) ਪ੍ਰੇਮ ਨਾਥ ਨੇ ਪ੍ਰੈਸ ਵਾਰਤਾ ਦੌਰਾਨ ਦਾਅਵਾ ਕੀਤਾ ਕਿ ‘ਟੂਲਕਿੱਟ’ ਨੂੰ ਫ਼ੈਲਾਉਣ ਲਈ ਬਣਾਇਆ ਵੱਟਸਐਪ ਗਰੁੱਪ ਦਿਸ਼ਾ ਨੇ ਹੀ ਡਿਲੀਟ ਕਰ ਦਿੱਤਾ ਸੀ।

ਦਿਸ਼ਾ ਦੇ ਟੈਲੀਗ੍ਰਾਮ ਅਕਾਊਂਟ ਤੋਂ ਪਤਾ ਲੱਗਦਾ ਹੈ ਕਿ ‘ਟੂਲਕਿੱਟ’ ਨਾਲ ਸਬੰਧਿਤ ਕਈ ਲਿੰਕ ਹਟਾਏ ਗਏ ਸਨ। ਉਨ੍ਹਾਂ ਦੱਸਿਆ ਕਿ ‘ਟੂਲਕਿੱਟ’ ਦਾ ਮਕਸਦ ਭਾਰਤ ਦੇ ਅਕਸ ਨੂੰ ਖ਼ਰਾਬ ਕਰਨਾ ਸੀ। ਉਨ੍ਹਾਂ ਦਾਅਵਾ ਕੀਤਾ ਕਿ ਨਿਕਿਤਾ ਅਤੇ ਸ਼ਾਂਤਨੂੰ ਨੇ ਖ਼ਾਲਿਸਤਾਨ ਪੱਖੀ ਸੰਗਠਨ ਪੋਈਟਿਕ ਜਸਟਿਸ ਫਾਊਂਡੇਸ਼ਨ ਨਾਲ ‘ਜ਼ੂਮ ਐਪ’ ਜ਼ਰੀਏ ਮੀਟਿੰਗ ਕੀਤੀ ਸੀ ਅਤੇ ਦਿਸ਼ਾ, ਸ਼ਾਂਤਨੂੰ ਅਤੇ ਨਿਕਿਤਾ ਨੇ ‘ਟੂਲਕਿੱਟ’ ਤਿਆਰ ਅਤੇ ਐਡਿਟ ਕੀਤਾ ਸੀ। ਦਿਸ਼ਾ ਨੇ ‘ਟੈਲੀਗ੍ਰਾਮ ਐਪ’ ਜ਼ਰੀਏ ‘ਟੂਲਕਿੱਟ’ ਗ੍ਰੇਟਾ ਥੁਨਬਰਗ ਨੂੰ ਭੇਜੀ ਸੀ ਅਤੇ ਉਸ ਨੇ ਹੀ ਵੱਟਸ ਐਪ ਗਰੁੱਪ ਡਿਲੀਟ ਕੀਤਾ, ਜੋ ਉਸ ਨੇ ‘ਟੂਲਕਿੱਟ’ ਨੂੰ ਫੈਲਾਉਣ ਲਈ ਬਣਾਇਆ ਸੀ, ਜਿਸ ਕਾਰਨ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ਖ਼ਿਲਾਫ਼ ਅਪਰਾਧਿਕ ਸਾਜਿਸ਼, ਦੇਸ਼ਧ੍ਰੋਹ ਅਤੇ ਹੋਰ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੋਈਟਿਕ ਜਸਟਿਸ ਫਾਊਂਡੇਸ਼ਨ ਦੇ ਸੰਸਥਾਪਕ ਮੋ ਧਾਲੀਵਾਲ ਨੇ ਕੈਨੇਡਾ ਦੀ ਇਕ ਔਰਤ ਪੁਨੀਤ ਰਾਹੀਂ ਉਸ ਨਾਲ ਸੰਪਰਕ ਕੀਤਾ ਸੀ। ਪੁਲਿਸ ਨੇ ਦੱਸਿਆ ਕਿ ਇਸ ਮਾਮਲੇ ‘ਚ ਪੀਟਰ ਫ੍ਰੈਡਰਿਕ ਨਾਂਅ ਦੇ ਇਕ ਵਿਅਕਤੀ ਦੀ ਭੂਮਿਕਾ ਸਬੰਧੀ ਵੀ ਜਾਂਚ ਕੀਤੀ ਜਾ ਰਹੀ ਹੈ। ਉਹ 2006 ਦੇ ਅਖ਼ੀਰ ਤੋਂ ਹੀ ਭਾਰਤੀ ਸੁਰੱਖਿਆ ਸੰਸਥਾਵਾਂ ਦੇ ਰਾਡਾਰ ‘ਤੇ ਹੈ, ਜਦੋਂ ਉਸ ਨੂੰ ਭਜਨ ਸਿੰਘ ਭਿੰਡਰ ਉਰਫ਼ ਇਕਬਾਲ ਚੌਧਰੀ ਦੀ ਕੰਪਨੀ ‘ਚ ਦੇਖਿਆ ਗਿਆ ਸੀ।

ਗ੍ਰੇਟਾ ਥੁਨਬਰਗ ਵਲੋਂ ‘ਟੂਲਕਿੱਟ’ ਨੂੰ ਟਵਿਟਰ ‘ਤੇ ਸ਼ੇਅਰ ਕਰਨ ਤੋਂ ਬਾਅਦ ਦਿਸ਼ਾ ਰਵੀ ਨੇ ਯੂ. ਏ. ਪੀ. ਏ. (ਗ਼ੈਰਕਾਨੂੰਨੀ ਕਾਰਵਾਈਆਂ ‘ਤੇ ਰੋਕ ਸਬੰਧੀ) ਕਾਨੂੰਨ ਤਹਿਤ ਕਾਰਵਾਈ ਤੋਂ ਬਚਣ ਲਈ ਉਸ ਨੂੰ ਟਵੀਟ ਡਿਲੀਟ ਕਰਨ ਲਈ ਕਿਹਾ ਸੀ, ਕਿਉਂਕਿ ਇਸ ਦਸਤਾਵੇਜ਼ ‘ਚ ਉਨ੍ਹਾਂ ਦੋਵਾਂ ਦਾ ਨਾਂਅ ਆ ਰਿਹਾ ਸੀ। ਪੁਲਿਸ ਨੇ ਦੱਸਿਆ ਕਿ ਥੁਨਬਰਗ ਨੇ ਦਿਸ਼ਾ ਦੇ ਕਹਿਣ ‘ਤੇ ਟਵੀਟ ਨੂੰ ਡਿਲੀਟ ਕਰ ਦਿੱਤਾ ਸੀ ਅਤੇ ਬਾਅਦ ‘ਚ ਉਸ ਨੂੰ ਐਡਿਟ ਕਰਕੇ ਨਵਾਂ ਦਸਤਾਵੇਜ਼ ਸ਼ੇਅਰ ਕੀਤਾ ਸੀ। ਪੁਲਿਸ ਸੂਤਰਾਂ ਅਨੁਸਾਰ ਦਿਸ਼ਾ ਨੇ ਦਸਤਾਵੇਜ਼ ਨੂੰ ਐਡਿਟ ਕੀਤਾ ਸੀ ਅਤੇ ਥੁਨਬਰਗ ਨੂੰ ਵੱਟਸਐਪ ਜ਼ਰੀਏ ਕਿਹਾ ਸੀ ਕਿ ਉਹ ‘ਟੂਲਕਿੱਟ’ ਟਵੀਟ ਨਾ ਕਰੇ। ਮੈਂ ਆਪਣੇ ਵਕੀਲ ਨਾਲ ਗੱਲ ਕੀਤੀ ਹੈ, ਸਾਡੇ ਦੋਵਾਂ ਦੇ ਇਸ ‘ਚ ਨਾਂਅ ਆ ਰਹੇ ਹਨ ਅਤੇ ਸਾਡੇ ਖ਼ਿਲਾਫ਼ ਯੂ. ਏ. ਪੀ. ਏ. ਤਹਿਤ ਕਾਰਵਾਈ ਹੋ ਸਕਦੀ ਹੈ।

Comment here

Verified by MonsterInsights