ਦਿੱਲੀ ਵਿੱਚ ਕਿਸਾਨਾਂ ਦਾ ਖੇਤੀ ਕਾਨੂੰਨਾਂ ਨੂੰ ਲੈ ਕੇ ਚੱਲ ਰਿਹਾ ਸੰਘਰਸ਼ ਲਗਾਤਾਰ ਜਾਰੀ ਹੈ ਅਤੇ ਦੂਜੇ ਦਿਨ ਵੀ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ ਅਤੇ ਸਰਕਾਰ ਵਲੋਂ ਭਾਰੀ ਸੁਰੱਖਿਆ ਬਲ ਤਾਇਨਾਤ ਕੀਤੀ ਗਈ ਹੈ। ਉਥੇ ਹੀ ਅੱਜ ਸਵੇਰੇ ਦਿੱਲੀ ਦੇ ਰਹਿਣ ਵਾਲੇ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਕਿਸਾਨਾਂ ਦੀ ਸਟੇਜ ‘ਤੇ ਹਮਲਾ ਕੀਤਾ ਗਿਆ ਅਤੇ ਪੱਥਰਬਾਜੀ ਕੀਤੀ ਗਈ। ਇਨ੍ਹਾਂ ਸ਼ਰਾਰਤੀ ਅਨਸਰਾਂ ਨੇ ਕਿਸਾਨਾਂ ‘ਤੇ ਪੱਥਰਬਾਜ਼ੀ ਕੀਤੀ ਹੈ ਅਤੇ ਦਿੱਲੀ ਪੁਲਿਸ ਮੂਕ ਦਰਸ਼ਕ ਬਣ ਸਾਹਮਣੇ ਖੜਕੇ ਇਹ ਹੁਲੜਬਾਜ਼ੀ ਹੁੰਦੀ ਦੇਖ ਰਹੀ ਹੈ।
ਦਿੱਲੀ ਦੇ ਪ੍ਰਦਰਸ਼ਨਕਾਰੀਆਂ ਵਲੋਂ ਸਿੰਘੂ ਬਾਰਡਰ ‘ਤੇ ਸਟੇਜ ਨੇੜੇ ਹੱਥਾਂ ਵਿੱਚ ਬੈਨਰ ਫੜ ਕੇ ਬਾਰਡਰ ਖਾਲੀ ਕਰਨ ਦੇ ਨਾਅਰੇ ਲਗਾਏ ਜਾ ਰਹੇ ਹਨ। ਇਹ ਪ੍ਰਦਰਸ਼ਨਕਾਰੀ ਲੋਕ ਖੁਦ ਨੂੰ ਸਥਾਨਕ ਵਾਸੀ ਕਹਿ ਰਹੇ ਨੇ ਤੇ ਕਰੀਬ 100 ਦੇ ਕਰੀਬ ਇਹ ਲੋਕ ਇਥੇ ਆ ਕੇ ਨਾਅਰੇਬਾਜ਼ੀ ਕਰ ਰਹੇ ਹਨ। ਇਹ ਦਿੱਲੀ ਵਾਸੀ ਕਿਸਾਨਾਂ ਖਿਲਾਫ ਰਸਤਾ ਖੋਲ੍ਹਣ ਲਈ ਨਾਅਰੇਬਾਜ਼ੀ ਕਰ ਰਹੇ ਹਨ।
ਇਥੇ ਇਹ ਵੀ ਦੱਸਣਯੋਗ ਹੈ ਕਿ ਕੇਂਦਰ ਦੇ ਖੇਤੀ ਕਾਨੂੰਨਾਂ ਖ਼ਿਲਾਫ਼ ਪਿਛਲੇ 64 ਦਿਨਾਂ ਤੋਂ ਧਰਨਾ ਦੇ ਰਹੇ ਕਿਸਾਨਾਂ ਨੇ ਗਣਤੰਤਰ ਦਿਵਸ ਮੌਕੇ ਦਿੱਲੀ ਵਿੱਚ ਟਰੈਕਟਰ ਪਰੇਡ ਕੀਤੀ ਸੀ। ਇਸ ਦੌਰਾਨ ਕੁੱਝ ਸ਼ਰਾਰਤੀ ਅਨਸਰਾਂ ਨੇ ਅੰਦੋਲਨ ਅੰਦਰ ਵੜ ਕੇ ਦਿੱਲੀ ਅੰਦਰ ਕਾਫ਼ੀ ਹਿੰਸਾ ਕੀਤੀ ਸੀ ਅਤੇ ਲਾਲ ਕਿਲ੍ਹੇ ‘ਤੇ ਕੇਸਰੀ ਝੰਡਾ ਲਹਿਰਾ ਦਿੱਤਾ ਸੀ। ਜਿਸ ਤੋਂ ਬਾਅਦ ਲਾਲ ਕਿਲ੍ਹੇ ‘ਤੇ ਹਾਲਾਤ ਕਾਫੀ ਗੰਭੀਰ ਬਣ ਗਏ ਸਨ। ਇਸ ਸਬੰਧੀ ਦਿੱਲੀ ਪੁਲਿਸ ਨੇ ਕਈ ਗ੍ਰਿਫਤਾਰੀਆਂ ਵੀ ਕੀਤੀਆਂ ਹਨ
ਦੱਸ ਦੇਈਏ ਕਿ ਗ੍ਰਹਿ ਮੰਤਰਾਲੇ ਅਤੇ ਦਿੱਲੀ ਪੁਲਿਸ ਵੱਲੋਂ ਕਿਸਾਨ ਅੰਦੋਲਨ ਨੂੰ ਕਮਜ਼ੋਰ ਕਰਨ ਲਈ ਟਰੈਕਟਰ ਰੈਲੀ ਕਰਨ ਵਾਲੇ ਕਿਸਾਨ ਆਗੂਆਂ ਵਿਰੁੱਧ ਕਾਨੂੰਨੀ ਸ਼ਿਕੰਜਾ ਕੱਸਿਆ ਜਾ ਰਿਹਾ ਹੈ ਅਤੇ ਕਿਸਾਨ ਆਗੂਆਂ ਖਿਲਾਫ਼ ਲੁਕਆਊਟ ਨੋਟਿਸ ਜਾਰੀ ਕੀਤਾ ਹੈ ,ਉਹ ਲੋਕ ਦੇਸ਼ ਤੋਂ ਬਾਹਰ ਨਹੀਂ ਜਾ ਸਕਣਗੇ। ਦਿੱਲੀ ਪੁਲਿਸ ਵੱਲੋਂ ਕਿਸਾਨ ਆਗੂਆਂ ਦੇ ਪਾਸਪੋਰਟ ਜ਼ਬਤ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।