ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ਦੀਆਂ ਸਰਹੱਦਾਂ ‘ਤੇ ਡਟੇ ਕਿਸਾਨਾਂ ਸੰਘਰਸ਼ ਅੱਜ 40ਵੇਂ ਦਿਨ ‘ਚ ਦਾਖਿਲ। ਕਿਸਾਨਾਂ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਿੱਲੀ ‘ਚ ਅੱਜ ਪਏ ਮੀਂਹ ਕਾਰਨ ਗਾਜ਼ੀਪੁਰ ਸਰਹੱਦ ਅਤੇ ਸਿੰਘੁ ਬਾਰਡਰ ‘ਤੇ ਪਾਣੀ ਦਾ ਇਕੱਠ ਹੋ ਗਿਆ। ਪ੍ਰਦਰਸ਼ਨ ਸਥਾਨ ‘ਤੇ ਪਾਣੀ ਭਰ ਜਾਣ ‘ਤੇ ਵੀ ਕਿਸਾਨਾਂ ਦੇ ਹੌਂਸਲੇ ਬੁਲੰਦ ਹੀ ਨਜ਼ਰ ਆ ਰਹੇ ਹਨ ਅਤੇ ਜਿਸ ਜਗ੍ਹਾ ਪਾਣੀ ਖੜ੍ਹਾ ਹੋਇਆ ਉਥੇ ਅੰਦਲੋਂਕਾਰੀ ਕਿਸਾਨ ਇਸ ਨੂੰ ਖ਼ੁਦ ਸਾਫ਼ ਕਰਦੇ ਨਜ਼ਰ ਆ ਰਹੇ ਹਨ। ਪ੍ਰਦਰਸ਼ਨਕਾਰੀਆਂ ਨੇ ਦੱਸਿਆ, ਕਿ ”ਤਰਪਾਲ ਅਤੇ ਜੋ ਕੁਝ ਵੀ ਅਸੀਂ ਲੈ ਕੇ ਆਏ ਹਾਂ, ਉਸ ਨਾਲ ਠੰਡ ਅਤੇ ਮੀਂਹ ਤੋਂ ਆਪਣਾ ਬਚਾਅ ਕਰ ਰਹੇ ਹਾਂ ਅਤੇ ਰਾਹਤ ਕਾਰਜ ਚਲ ਰਹੇ ਹਨ। ਸਿੰਘੁ ਸਰਹੱਦ ‘ਤੇ ਵੀ ਪ੍ਰਦਰਸ਼ਨਕਾਰੀ ਕਿਸਾਨਾਂ ਦੇ ਕੈਂਪਾਂ ‘ਚ ਮੀਂਹ ਦਾ ਪਾਣੀ ਭਰ ਗਿਆ ਹੈ। ਜਿਸ ਨੂੰ ਉਹ ਖ਼ੁਦ ਹਟਾ ਰਹੇ ਹਨ। ਪ੍ਰਦਰਸ਼ਨਕਾਰੀ ਕਿਸਾਨ ਨੇ ਕਿਹਾ,”ਮੀਂਹ ਸਾਡੀ ਫ਼ਸਲ ਲਈ ਚੰਗਾ ਹੈ। ਜਦੋਂ ਅਸੀਂ ਆਪਣੇ ਖੇਤਾਂ ‘ਚ ਕੰਮ ਕਰਦੇ ਹਾਂ ਤਾਂ ਅਸੀਂ ਭਿੱਜ ਜਾਂਦੇ ਹਾਂ, ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਸਾਨੂੰ ਮੀਂਹ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜ਼ਿਕਰਯੋਗ ਹੈ ਕਿ ਖੇਤੀ ਕਾਨੂੰਨਾਂ ‘ਤੇ ਸਰਕਾਰ ਅਤੇ ਕਿਸਾਨਾਂ ਦਰਮਿਆਨ ਭਾਵੇਂ ਹੀ ਹੁਣ 2 ਮੁੱਦਿਆਂ ‘ਤੇ ਸਹਿਮਤੀ ਬਣ ਗਈ ਹੈ। ਪਰ ਖੇਤੀ ਕਾਨੂੰਨ ਵਾਪਸ ਲੈਣ ਅਤੇ MSP ‘ਤੇ ਕਾਨੂੰਨ ਵਰਗੇ ਅਹਿਮ ਮੁੱਦਿਆਂ ‘ਤੇ ਗੱਲਬਾਤ ਹੋਣੀ ਬਾਕੀ ਹੈ। ਜਿਸ ‘ਤੇ ਅੱਜ ਸਰਕਾਰ ਅਤੇ ਕਿਸਾਨਾਂ ਦਰਮਿਆਨ ਗੱਲਬਾਤ ਹੋਵੇਗੀ। ਦੂਜੇ ਪਾਸੇ ਦਿੱਲੀ ਦੀਆਂ ਸਰਹੱਦਾਂ ‘ਤੇ ਹਾਲੇ ਵੀ ਕਿਸਾਨ ਡਟੇ ਹੋਏ ਹਨ।
ਬਾਰਿਸ਼ ਅਤੇ ਹੋਰ ਔਕੜਾਂ ਨੂੰ ਵੀ ਮਾਤ ਪਾ ਰਹੇ ਕਿਸਾਨਾਂ ਦੇ ਹੌਸਲੇਂ
