ਐਮ.ਪੀ ਰਵਨੀਤ ਬਿੱਟੂ, ਮਨੀਸ਼ ਤਿਵਾੜੀ ਨੇ ਅੱਜ ਦਿੱਲੀ ਦੇ ਜੰਤਰ ਮੰਤਰ ‘ਚ ਜਾ ਕੇ ਮੋਰਚਾ ਲਾ ਲਿਆ ਹੈ…
ਖੇਤੀ ਕਾਨੂੰਨਾਂ ਦੇ ਖਿਲਾਫ ਜਿੱਥੇ ਪੂਰੇ ਮੁਲਕ ਦਾ ਕਿਸਾਨ ਕੇਂਦਰ ਸਰਕਾਰ ਨਾਲ ਸੰਘਰਸ਼ ਕਰ ਰਿਹਾ ਹੈ। ਉਥੇ ਹੀ ਹੁਣ ਸਿਆਸੀ ਲੀਡਰ ਵੀ ਇਸ ‘ਚ ਸ਼ਾਮਲ ਹੋਣ ਲਈ ਦਿੱਲੀ ਪਹੁੰਚ ਰਹੇ ਨੇ। ਪੰਜਾਬ ਸਰਕਾਰ ਦੇ ਐਮ.ਪੀ ਰਵਨੀਤ ਬਿੱਟੂ, ਪ੍ਰਨੀਤ ਕੌਰ, ਗੁਰਜੀਤ ਔਜਲਾ, ਡਾ. ਅਮਰ ਸਿੰਘ, ਮਨੀਸ਼ ਤਿਵਾੜੀ ਨੇ ਅੱਜ ਦਿੱਲੀ ਦੇ ਜੰਤਰ ਮੰਤਰ ‘ਚ ਜਾ ਕੇ ਮੋਰਚਾ ਲਾ ਲਿਆ ਹੈ।
ਰਵਨੀਤ ਬਿੱਟੂ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਨੂੰ ਵਿੰਟਰ ਪਾਰਲੀਮੈਂਟ ਸੈਸ਼ਨ ਸੱਦਣਾ ਚਾਹੀਦਾ ਹੈ ਤੇ ਜਿਵੇਂ ਪਹਿਲਾਂ ਉਨ੍ਹਾਂ ਨੇ ਕਿਸਾਨਾਂ ਦੇ ਹੱਕ ‘ਚ ਪਾਰਲੀਮੈਂਟ ‘ਚ ਆਪਣੀ ਗੱਲ ਰੱਖੀ ਸੀ ਤੇ ਹੁਣ ਵੀ ਉਹ ਆਪਣੀ ਗੱਲ ਹੋਰ ਵੀ ਮਜਬੂਤੀ ਨਾਲ ਰੱਖਣਗੇ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੂੰ ਇਹ ਕਾਨੂੰਨ ਵਾਪਸ ਲੈਣੇ ਚਾਹੀਦੇ ਨੇ ਤੇ ਇਸ ਤੋਂ ਬਗੈਰ ਹੋਰ ਕੋਈ ਹੱਲ ਨਹੀਂ।
ਬਿੱਟੂ ਇਸ ਮੌਕੇ ਕੇਂਦਰੀ ਰੇਲ ਮੰਤਰੀ ਪਿਊਸ਼ ਗੋਇਲ ‘ਤੇ ਵੀ ਜਮ ਕੇ ਵਰ੍ਹੇ। ਉਨ੍ਹਾਂ ਗੋਇਲ ਨੂੰ ਅਡਾਨੀ, ਅੰਬਾਨੀਆਂ ਦਾ ਸੂਹੀਆ ਦੱਸਦਿਆਂ ਕਿਹਾ ਕਿ ਪਿਊਸ਼ ਗੋਇਲ ਕਿਸਾਨਾਂ ਨਾਲ ਹੁੰਦੀ ਹਰ ਮੀਟਿੰਗ ‘ਚ ਸ਼ਾਮਲ ਹੁੰਦਾ ਹੈ ਕਿਉਂਕਿ ਉਹ ਹਰ ਗੱਲ ਅਡਾਨੀ ਤੇ ਅੰਬਾਨੀ ਨੂੰ ਦੱਸਦਾ ਹੈ।
ਜੰਤਰ ਮੰਤਰ ‘ਤੇ ਇਸ ਧਰਨੇ ਦੀ ਰੂਪਰੇਖਾ ਬਾਰੇ ਪੁੱਛੇ ਸਵਾਲ ‘ਤੇ ਬਿੱਟੂ ਨੇ ਕਿਹਾ ਕਿ ਅਜੇ ਹੋਰ ਵੀ ਮੰਤਰੀ ਆ ਰਹੇ ਨੇ ਤੇ ਇਸਦੀ ਰੂਪਰੇਖਾ ਸਮੇਂ ਸਮੇਂ ਅਨੁਸਾਰ ਬਦਲਦੀ ਰਹਿੰਦੀ ਹੈ। ਪਰ ਉਨ੍ਹਾਂ ਇਹ ਜਰੂਰ ਕਿਹਾ ਕਿ ਜਦੋਂ ਕੈਪਟਨ ਅਮਰਿੰਦਰ ਧਰਨਾ ਦੇਣ ਆਏ ਸੀ, ਉਹ ਸਿਰਫ ਇਕ ਚੇਤਾਵਨੀ ਸੀ, ਜਿਸਨੂੰ ਕਿ ਮੋਦੀ ਸਰਕਾਰ ਮਜ਼ਾਕ ‘ਚ ਲੈ ਗਈ।
Comment here