Site icon SMZ NEWS

US Election Updates: ਜੋਅ ਬਾਇਡਨ ਨੂੰ ਸੱਤਾ ਸੌਂਪਣ ਲਈ ਆਖ਼ਰਕਾਰ ਟਰੰਪ ਹੋਏ ਰਾਜ਼ੀ

ਬਾਇਡਨ ਟੀਮ ਨੇ ਟ੍ਰਾਂਜ਼ੀਸ਼ਨ ਪ੍ਰਕਿਰਿਆ ਦੀ ਸ਼ੁਰੂਆਤ ਦਾ ਸਵਾਗਤ ਕੀਤਾ ਹੈ…

ਆਖ਼ਰਕਾਰ ਡੌਨਲਡ ਟਰੰਪ ਨੇ ਸਵੀਕਾਰ ਕੀਤਾ ਕਿ ਨਵੇਂ ਰਾਸ਼ਟਰਪਤੀ ਚੁਣੇ ਗਏ ਜੋਅ ਬਾਇਡਨ ਵੱਲੋਂ ਅਹੁਦਾ ਸੰਭਾਲਣ ਲਈ ਅਮਰੀਕੀ ਸਰਕਾਰ ਦੀ ਰਸਮੀ ਟ੍ਰਾਂਜ਼ੀਸ਼ਨ ਦੀ ਸ਼ੁਰੂਆਤ ਹੋਣੀ ਚਾਹੀਦੀ ਹੈ।

ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਸਰਕਾਰ ਸੌਂਪਣ ਦੀ ਨਿਗਰਾਨੀ ਕਰ ਰਹੀ ਫੈਡਰਲ ਏਜੰਸੀ “ਉਹ ਕਰੇ ਜੋ ਉਸ ਨੂੰ ਕਰਨਾ ਚਾਹੀਦਾ ਹੈ”, ਹਾਲਾਂਕਿ ਉਨ੍ਹਾਂ ਨੇ ਚੋਣ ਨਤੀਜਿਆਂ ਨੂੰ ਚੁਣੌਤੀ ਦੇਣ ਦੀ ਗੱਲ ਬਰਕਰਾਰ ਰੱਖੀ ਹੈ। ਜਨਰਲ ਸਰਵਿਸਿਜ਼ ਐਡਮਿਨਿਸਟ੍ਰੇਸ਼ਨ (ਜੀਐਸਏ) ਨੇ ਕਿਹਾ ਕਿ ਉਨ੍ਹਾਂ ਨੇ ਜੋਅ ਬਾਇਡਨ ਨੂੰ “ਸਪੱਸ਼ਟ ਵਿਜੇਤਾ” ਮੰਨਿਆ ਹੈ।

ਇਹ ਉਦੋਂ ਆਇਆ ਜਦੋਂ ਮਿਸ਼ੀਗਨ ਰਾਜ ਵਿੱਚ ਬਾਇਡਨ ਦੀ ਜਿੱਤ ਨੂੰ ਅਧਿਕਾਰਤ ਤੌਰ ‘ਤੇ ਪ੍ਰਮਾਣਿਤ ਕੀਤਾ ਗਿਆ ਜੋ ਕਿ ਟਰੰਪ ਲਈ ਇੱਕ ਵੱਡਾ ਝਟਕਾ ਹੈ। ਬਾਇਡਨ ਟੀਮ ਨੇ ਟ੍ਰਾਂਜ਼ੀਸ਼ਨ ਪ੍ਰਕਿਰਿਆ ਦੀ ਸ਼ੁਰੂਆਤ ਦਾ ਸਵਾਗਤ ਕੀਤਾ ਹੈ।

ਉਨ੍ਹਾਂ ਆਪਣੇ ਬਿਆਨ ਵਿੱਚ ਕਿਹਾ, “ਅੱਜ ਦਾ ਫੈਸਲਾ ਸਾਡੀ ਕੌਮ ਦੀਆਂ ਦਰਪੇਸ਼ ਚੁਣੌਤੀਆਂ ਨਾਲ ਨਜਿੱਠਣ ਲਈ ਇੱਕ ਜ਼ਰੂਰੀ ਕਦਮ ਹੈ, ਜਿਸ ਵਿੱਚ ਮਹਾਂਮਾਰੀ ਨੂੰ ਕੰਟਰੋਲ ਵਿੱਚ ਲਿਆਉਣਾ ਅਤੇ ਸਾਡੀ ਆਰਥਿਕਤਾ ਨੂੰ ਮੁੜ ਲੀਹ ‘ਤੇ ਲਿਆਉਣਾ ਸ਼ਾਮਲ ਹੈ। ਇਹ ਅੰਤਮ ਫੈਸਲਾ ਫੈਡਰਲ ਏਜੰਸੀਆਂ ਨਾਲ ਸੰਚਾਰ ਪ੍ਰਕਿਰਿਆ ਨੂੰ ਰਸਮੀ ਤੌਰ ‘ਤੇ ਸ਼ੁਰੂ ਕਰਨ ਲਈ ਇੱਕ ਨਿਸ਼ਚਤ ਪ੍ਰਬੰਧਕੀ ਕਾਰਵਾਈ ਹੈ।”

ਟਰੰਪ ਨੇ ਉਸ ਵੇਲੇ ਟਵੀਟ ਕੀਤਾ ਜਦੋ ਜੀਐਸਏ, ਜਿਸਦੀ ਜ਼ਿੰਮੇਵਾਰੀ ਰਾਸ਼ਟਰਪਤੀ ਟ੍ਰਾਂਜ਼ੀਸ਼ਨ ਦੀ ਰਸਮੀ ਸ਼ੁਰੂਆਤ ਕਰਨਾ ਹੈ, ਨੇ ਬਾਇਡਨ ਕੈਂਪ ਨੂੰ ਦੱਸਿਆ ਕਿ ਹੁਣ ਇਹ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ। ਪ੍ਰਸ਼ਾਸਕ ਐਮਿਲੀ ਮਰਫ਼ੀ ਨੇ ਕਿਹਾ ਕਿ ਉਹ ਰਾਸ਼ਟਰਪਤੀ ਚੁਣੇ ਜਾਣ ਵਾਲੇ ਅਹੁਦੇਦਾਰ ਲਈ 6.3 ਮਿਲੀਅਨ ਡਾਲਰ ਫੰਡ ਮੁਹਈਆ ਕਰਵਾਏਗੀ।

ਟਰੰਪ ਵੱਲੋਂ ਨਿਯੁਕਤ ਕੀਤੀ ਗਈ ਮਰਫ਼ੀ ਨੇ ਪੱਤਰ ਭੇਜਣ ਦੇ ਆਪਣੇ ਫੈਸਲੇ ਵਿੱਚ “ਕਾਨੂੰਨੀ ਚੁਣੌਤੀਆਂ ਅਤੇ ਚੋਣ ਨਤੀਜਿਆਂ ਦੇ ਪ੍ਰਮਾਣ ਪੱਤਰਾਂ ਨਾਲ ਜੁੜੀਆਂ ਤਾਜ਼ਾ ਘਟਨਾਵਾਂ” ਦਾ ਹਵਾਲਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ‘ਤੇ ਫੈਸਲੇ ਲੈਣ ਬਾਰੇ ਵ੍ਹਾਈਟ ਹਾਊਸ ਵੱਲੋਂ ਕੋਈ ਦਬਾਅ ਨਹੀਂ ਪਾਇਆ ਗਿਆ।

ਮਰਫੀ ਨੇ ਬਾਇਡਨ ਨੂੰ ਲਿਖੀ ਚਿੱਠੀ ਵਿੱਚ ਕਿਹਾ, “ਇਸ ਫੈਸਲੇ ਵਿੱਚ ਦੇਰੀ ਕਰਨ ਲਈ ਮੈਰੇ ‘ਤੇ ਕੋਈ ਦਬਾਅ ਨਹੀਂ ਸੀ। ਹਾਲਾਂਕਿ ਮੇਰੇ ਪਰਿਵਾਰ, ਸਟਾਫ਼ ਅਤੇ ਇੱਥੋਂ ਤਕ ਕਿ ਮੇਰੇ ਪਾਲਤੂ ਜਾਨਵਰਾਂ ਨੂੰ ਆਨਲਾਈਨ, ਫੋਨ ਰਾਹੀਂ ਜਾਂ ਮੇਲ ਰਾਹੀਂ ਧਮਕੀਆਂ ਜ਼ਰੂਰ ਮਿਲ ਰਹੀਆਂ ਹਨ ਤਾਂਕਿ ਮੈਂ ਸਮੇਂ ਤੋਂ ਪਹਿਲਾਂ ਇਸ ਫੈਸਲੇ ਨੂੰ ਲਵਾਂ।”

ਹਜ਼ਾਰਾਂ ਧਮਕੀਆਂ ਦੇ ਬਾਵਜੂਦ ਵੀ ਮੈਂ ਕਾਨੂੰਨ ਦੀ ਪਾਲਣਾ ਕਰਨ ਲਈ ਵਚਨਬੱਧ ਰਹੀ ਹਾਂ। ਟ੍ਰਾਂਜ਼ੀਸ਼ਨ ਪ੍ਰਕਿਰਿਆ ਜਲਦੀ ਆਰੰਭ ਕਰਨ ਵਿੱਚ ਅਸਫਲ ਰਹਿਣ ਲਈ ਉਨ੍ਹਾਂ ਨੂੰ ਦੋਵਾਂ ਰਾਜਨੀਤਿਕ ਪੱਖਾਂ ਦੀ ਅਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ।

Exit mobile version