Site icon SMZ NEWS

ਅੱਜ ਅੰਨ ਦਾਤਾ ਨੂੰ ਹੀ ਅੰਨ ਬਚਾਉਣ ਲਈ ਦੇਣਾ ਪੈ ਰਿਹਾ ਹੈ ਧਰਨਾ

‘ਪਹਿਲਾਂ ਮਿੱਟੀ ਵਿਚ ਪਸੀਨਾ ਡੋਲਦੇ ਸਨ ਹੁਣ ਖੂਨ ਰਲਣ ਲੱਗਾ’…

ਅਸੀਂ ਬਹੁਤ ਸ਼ੌਂਕ ਨਾਲ ਸਵੇਰੇ ਸਵੇਰੇ ਆਲੂ, ਗੋਭੀ ਤੇ ਹੋਰ ਸਬਜ਼ੀਆਂ ਦੇ ਪਰਾਂਠੇ ਖਾਂਦੇ ਹਾਂ, ਕੀ ਕਦੀ ਸੋਚਿਆ ਹੈ ਕੀਨੀ ਮਿਹਨਤ ਲਗਦੀ ਹੋਵੇਗੀ ਸਬਜ਼ੀਆਂ ਨੂੰ ਬੀਜਣ ਤੇ ਉਗਣ ਵਿੱਚ। ਚਾਹ ਦੇ ਕੱਪ ਵਿੱਚ 2-3 ਚਮਚ ਚੀਨੀ ਪਾ ਲੈਂਦੇ ਹੋਵੋ ਜਾਂ ਅੱਧਾ ਚਮਚਾ ਕਦੇ ਇਹ ਖ਼ਿਆਲ ਆਇਆ ਹੈ ਕਿ ਸ਼ੂਗਰ ਮਿੱਲਾਂ ਦੇ ਬਾਹਰ ਗੰਨੇ ਦੀ ਟਰਾਲੀਆਂ ਭਰ ਕੇ ਕਈ ਦਿਨਾਂ ਤੱਕ ਆਪਣੀ ਵਾਰੀ ਦਾ ਇੰਤਜ਼ਾਰ ਕਰਨ ਵਾਲੇ ਇਹ ਲੋਕ ਕਿੱਥੋਂ ਆਏ ਹਨ ਅਤੇ ਇਨ੍ਹਾਂ ਦੀ ਮਜ਼ਦੂਰੀ ਇਨ੍ਹਾਂ ਨੂੰ ਕਦੋਂ ਮਿਲੇਗੀ।

ਆਲੂ ਬੜੇ ਸ਼ੌਂਕ ਨਾਲ ਖਾਂਦੇ ਹੋਵੋਗੇ, ਕਦੇ ਬੱਚਿਆਂ ਕੋਲੋਂ ਪੁੱਛ ਲੈਣਾ ਕਿ ਇਹ ਭਿੰਡੀ ਦਰਖ਼ਤਾਂ ‘ਤੇ ਉੱਗਦੀ ਹੈ ਜਾਂ ਫੈਕਟਰੀਆਂ ਵਿੱਚ ਬਣਦੀ ਹੈ। ਦੋਵੇਂ ਪਾਸਿਆਂ ਦੇ ਪੰਜਾਬ ਬਾਰੇ ਸੁਣਦੇ ਆਏ ਹਾਂ ਕਿ ਪੂਰੇ ਹਿੰਦੁਸਤਾਨ ਅਤੇ ਪਾਕਿਸਤਾਨ ਲਈ ਅਨਾਜ ਅਤੇ ਸਬਜ਼ੀਆਂ ਅਸੀਂ ਉਗਾਉਂਦੇ ਹਾਂ।

ਪਰ ਕਦੇ ਕੋਈ ਜਿਉਂਦਾ ਜਾਗਦਾ ਕਿਸਾਨ ਕਦੇ ਖ਼ਬਰਾਂ ਵਿੱਚ ਦੇਖਿਆ, ਖ਼ਬਰਾਂ ਤਾਂ ਛੱਡੋ ਕਿਸਾਨ ਟੀਵੀ ਅਤੇ ਫ਼ਿਲਮਾਂ ਵਿੱਚ ਵੀ ਬਹੁਤ ਹੀ ਘੱਟ ਨਜ਼ਰ ਆਉਂਦੇ ਹਨ। ਜੇ ਕਿਸਾਨ ਕਦੇ ਟੀਵੀ ਵਿੱਚ ਨਜ਼ਰ ਆਉਂਦਾ ਹੈ ਤਾਂ ਉਹ ਖਾਦ ਦੇ ਇਸ਼ਤਿਹਾਰ ਵਿੱਚ, ਜਿਸ ਵਿੱਚ ਚਿੱਟੇ ਕੱਪੜੇ ਪਾ ਕੇ, ਵੱਡੀ ਪੱਗ ਬੰਨ ਕੇ ਭੰਗੜਾ ਪਾ ਰਿਹਾ ਹੁੰਦਾ।

ਦੋਵਾਂ ਪਾਸਿਆਂ ਦੇ ਕਿਸਾਨ ਅੱਜ ਕੱਲ੍ਹ ਸੜਕਾਂ ‘ਤੇ ਨਿਕਲੇ ਹਨ, ਅਸੀਂ ਸ਼ਹਿਰ ਵਿੱਚ ਰਹਿਣ ਵਾਲਿਆਂ ਨੂੰ ਤੇ ਸੁੱਕਾ ਰਾਸ਼ਨ ਖਾਣ ਵਾਲਿਆਂ ਨੂੰ ਪਤਾ ਵੀ ਨਹੀਂ ਸੀ ਲਗਣਾ, ਜੇਕਰ ਹਿੰਦੁਸਤਾਨੀ ਪੰਜਾਬ ਵਿੱਚ ਟਰੇਨਾਂ ਦੀਆਂ ਪਟੜੀਆਂ ‘ਤੇ ਧਰਨੇ ਨਾ ਹੁੰਦੇ ਤੇ ਇੱਧਰ ਆਪਣੇ ਪੰਜਾਬ ਵਿੱਚ ਪੁਲਿਸ ਤੇਜ਼ਾਬ ਵਾਲਾ ਪਾਣੀ ਸੁੱਟ ਕੇ ਵਿਹਾੜੀ ਦੇ ਮਲਕ ਇਸ਼ਫਾਕ ਲੰਗੜਿਆਲ ਨੂੰ ਮਾਰ ਨਾ ਛੱਡਦੀ।

ਪਤਾ ਨਹੀਂ ਮਲਕ ਸਾਬ੍ਹ ਨੂੰ ਕਿਸੇ ਨੇ ਸ਼ਹੀਦ ਕਿਹਾ ਹੈ ਜਾਂ ਨਹੀਂ ਕਿਹਾ ਪਰ ਦਿਲ ‘ਤੇ ਹੱਥ ਰੱਖ ਦੱਸੋ ਕਿ ਜਿਹੜਾ ਬੰਦਾ ਆਪਣੇ ਘਰੋਂ ਨਿਕਲਿਆ ਤਾਂ ਜੋ ਆਪਣੇ ਕਿਸਾਨ ਭੈਣਾਂ ਅਤੇ ਭਰਾਵਾਂ ਦੀ ਖੱਟੀ-ਵੱਟੀ ਲਈ ਨਿਕਲੇ, ਨਿਆਂ ਲਿਆ ਸਕੇ ਤੇ ਉਸ ਨੂੰ ਪੁਲਿਸ ਮਾਰ ਸਕੇ, ਉਹ ਸ਼ਹੀਦ ਨਹੀਂ ਹੋਇਆ ਤਾਂ ਕੀ ਹੋਇਆ।

ਕਈ ਸਾਲ ਪਹਿਲਾਂ ਹਿੰਦੁਸਤਾਨ ਤੋਂ ਖ਼ਬਰਾਂ ਆਉਂਦੀਆਂ ਸਨ ਕਿ ਕਿਸਾਨ ਕਰਜ਼ਿਆਂ ਤੋਂ ਤੰਗ ਆ ਕੇ ਖੁਦਕੁਸ਼ੀਆਂ ਕਰ ਰਹੇ ਹਨ। ਕਈ ਤਾਂ ਉਹੀ ਸਪਰੇਅ ਪੀ ਕੇ ਆਪਣੀ ਜਾਨ ਲੈ ਲੈਂਦੇ ਸਨ ਜਿਹੜੀ ਉਨ੍ਹਾਂ ਨੇ ਆਪਣੀਆਂ ਫ਼ਸਲਾਂ ਲਈ ਕਰਜ਼ੇ ‘ਤੇ ਲਈ ਹੁੰਦੀ ਸੀ।

ਇਸ ਜਦੋਂ ਪੂਰੇ ਪੰਜਾਬ ਵਿੱਚੋਂ ਕਿਸਾਨ ਇਕੱਠੇ ਹੋ ਕੇ ਜਲੂਸ ਕੱਢਣ ਲਈ ਲਾਹੌਰ ਪਹੁੰਚਣ ਲੱਗੇ ਤਾਂ ਮੈਂ ਸੋਚਿਆਂ ਕਿ ਇਨ੍ਹਾਂ ਕੋਲ ਜਲਸੇ-ਜਲੂਸਾਂ ਦਾ ਸਮਾਂ ਕਿੱਥੋਂ ਆ ਗਿਆ। ਪਰ ਗੱਲ ਸਿੱਧੀ ਜਿਹੀ ਹੈ, ਹੈ ਤਾਂ ਫ਼ਾਰਸੀ ਦੀ ਪਰ ਪੰਜਾਬੀ ਵਿੱਚ ਵੀ ਸਮਝ ਆਉਂਦੀ ਹੈ, ‘ਤੰਗ ਆਮਦ, ਬਜੰਗ ਆਮਦ’।

Exit mobile version