ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਵੀ ਬਿਹਾਰ ਵਿਧਾਨ ਸਭਾ ਚੋਣਾਂ ਦੌਰਾਨ ਰੈਲੀਆਂ ਕੀਤੀਆਂ ਸਨ…
ਬਿਹਾਰ ਵਿਧਾਨ ਸਭਾ ਚੋਣਾਂ ਵਿੱਚ ਰਾਸ਼ਟਰੀ ਜਨਤਾ ਦਲ (ਆਰਜੇਡੀ) ਦੇ ਨਾਲ ਮਹਾਗਠਜੋੜ ਤਹਿਤ 70 ਸੀਟਾਂ ‘ਤੇ ਚੋਣ ਲੜਨ ਵਾਲੀ ਕਾਂਗਰਸ ਨੂੰ 19 ਸੀਟਾਂ ਹੀ ਮਿਲੀਆਂ, ਯਾਨੀ ਕਾਮਯਾਬੀ ਦੀ ਦਰ ਉਸ ਦੀਆਂ ਆਪਣੀਆਂ ਉਮੀਦਾਂ ਤੋਂ ਕਾਫ਼ੀ ਥੱਲੇ ਹੈ। ਜੇ ਬਿਹਾਰ ਦੀ ਸਿਆਸਤ ਵਿੱਚ ਹਾਲ ਦੇ ਦਹਾਕਿਆਂ ਵਿੱਚ ਕਾਂਗਰਸ ਦੇ ਪ੍ਰਦਰਸ਼ਨ ਨੂੰ ਦੇਖਿਆ ਜਾਵੇ ਤਾਂ ਇਹ ਬਹੁਤੀ ਹੈਰਾਨ ਕਰਨ ਵਾਲੀ ਗੱਲ ਨਹੀਂ ਹੈ।
2015 ਦੀਆਂ ਚੋਣਾਂ ਵਿੱਚ ਕਾਂਗਰਸ ਨੇ ਆਰਜੇਡੀ ਅਤੇ ਜਨਤਾ ਦਲ ਯੂਨਾਈਟਿਡ (ਜੇਡੀਯੂ) ਦੇ ਨਾਲ ਮਹਾਗਠਜੋੜ ਤਹਿਤ 41 ਸੀਟਾਂ ਤੋਂ ਚੋਣ ਲੜੀ ਸੀ ਅਤੇ ਇੰਨਾਂ ਵਿੱਚੋਂ 27 ਜਿੱਤੀਆਂ। ਪਰ ਇਸ ਵਾਰ ਕਾਂਗਰਸ ਆਪਣਾ ਪਿਛਲਾ ਪ੍ਰਦਰਸ਼ਨ ਦੁਹਰਾ ਨਹੀਂ ਪਾਈ। 2010 ਵਿੱਚ ਕਾਂਗਰਸ ਨੇ ਸਾਰੀਆਂ 243 ਸੀਟਾਂ ‘ਤੇ ਚੋਣ ਲੜੀ ਸੀ ਪਰ ਸਿਰਫ਼ ਚਾਰ ਸੀਟਾਂ ਹੀ ਝੋਲੀ ਪਈਆਂ।
ਸਾਲ 2005 ਵਿੱਚ ਦੋ ਵਾਰ ਚੋਣਾਂ ਹੋਈਆਂ। ਇੱਕ ਵਾਰ ਫ਼ਰਵਰੀ ਵਿੱਚ ਤੇ ਫ਼ਿਰ ਵਿਧਾਨ ਸਭਾ ਭੰਗ ਹੋਣ ਕਾਰਨ ਦੁਬਾਰਾ ਅਕਤੂਬਰ ਵਿੱਚ। ਜਿਥੇ ਫ਼ਰਵਰੀ ਵਿੱਚ ਕਾਂਗਰਸ ਨੇ 84 ਸੀਟਾਂ ਤੋਂ ਚੋਣ ਲੜੀ ਅਤੇ ਸਿਰਫ਼ 10 ‘ਤੇ ਜਿੱਤ ਹਾਸਲ ਕੀਤੀ ਉਥੇ ਅਕਤੂਬਰ ਵਿੱਚ 51 ਤੋਂ ਲੜਕੇ ਸਿਰਫ਼ 9 ਸੀਟਾਂ ਜਿੱਤੀਆਂ।
ਸਾਲ 2000 ਵਿੱਚ ਚੋਣਾਂ ਦੇ ਸਮੇਂ ਬਿਹਾਰ ਵੰਡਿਆ ਹੋਇਆ ਨਹੀਂ ਸੀ ਅਤੇ ਮੌਜੂਦਾ ਝਾਰਖੰਡ ਵੀ ਉਸਦਾ ਹਿੱਸਾ ਸੀ। ਉਸ ਸਮੇਂ ਕਾਂਗਰਸ ਨੇ 324 ਸੀਟਾਂ ਤੋਂ ਚੋਣ ਲੜ ਕੇ 23 ਸੀਟਾਂ ਹਾਸਿਲ ਕੀਤੀਆਂ ਸਨ, ਇਸ ਤੋਂ ਪਹਿਲਾਂ 1995 ਵਿੱਚ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੇ 320 ਸੀਟਾਂ ‘ਤੇ ਆਪਣੇ ਉਮੀਦਵਾਰ ਉਤਾਰੇ ਅਤੇ 29 ਸੀਟਾਂ ‘ਤੇ ਜਿੱਤ ਪ੍ਰਾਪਤ ਕੀਤੀ।
1985 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੇ 323 ਵਿੱਚੋਂ 196 ਸੀਟਾਂ ਜਿੱਤ ਕੇ ਸਪੱਸ਼ਟ ਬਹੁਮਤ ਹਾਸਲ ਕੀਤਾ ਸੀ। ਇਹ ਆਖ਼ਰੀ ਮੌਕਾ ਸੀ ਜਦੋਂ ਕਾਂਗਰਸ ਨੇ ਬਿਹਾਰ ਵਿੱਚ ਬਹੁਮਤ ਹਾਸਲ ਕੀਤਾ ਹੋਵੇ।