ਭਾਜਪਾਈਆਂ ਦੇ ਰਾਜ ਚ ਕਿਸਾਨਾਂ ਤੇ ਮਜ਼ਦੂਰਾਂ ਦਾ ਕਚੂਮਰ ਕੱਢਣ ਵਾਲੇ ਹਾਕਮ ਹੁਣ ਸਾਰੇ ਹੱਦ ਬੰਨੇ ਟੱਪ ਚੁੱਕੇ ਹਨ…
ਅੱਜ ਰੇਲਵੇ ਸਟੇਸ਼ਨ ਜਗਰਾਓਂ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੋਂਦਾ ਅਤੇ ਸਹਿਯੋਗੀ ਕਿਸਾਨ ਜਥੇਬੰਦੀਆਂ ਵਲੋਂ ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ 40ਵੇਂ ਦਿਨ ਚ ਦਾਖਲ ਹੋਇਆ । ਇਸ ਸਮੇਂ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਦਿੱਲੀ ਹਕੂਮਤ ਅੰਦਰੋ ਅੰਦਰੀ ਡੂੰਘੀ ਘਬਰਾਹਟ ਅਤੇ ਬੁਖਲਾਹਟ ਦਾ ਸ਼ਿਕਾਰ ਹੈ।ਇਸੇ ਕਾਰਨ ਹੁਣ ਕਿਸਾਨ ਜਥੇਬੰਦੀਆਂ ਦੇ ਆਗੂਆਂ ਨਾਲ ਗੱਲਬਾਤ ਕਰਨੀਆਂ ਸ਼ੁਰੂ ਕੀਤੀਆਂ ਹਨ। ਪੂਰੇ ਸੂਬੇ ਚ ਕਾਰਪੋਰੇਟਾਂ ਦੇ ਵਪਾਰਕ ਕੇਂਦਰ ਤੇ ਕਬਜੇ ਕਰਕੇ ਅਸਲ ਨਿਸ਼ਾਨੇ ਤੇ ਚੋਟ, ਦੇਸ਼ ਦੇ ਕਿਸਾਨਾਂ ਨੇ ਲਗਾਈ ਹੈ ਜਿਸ ਨੇ ਸਾਬਤ ਕਰ ਦਿੱਤਾ ਹੈ ਕਿ ਕਿਸਾਨਾਂ ਨੇ ਅਪਣੇ ਅਸਲ ਦੁਸ਼ਮਣ ਦੀ ਪਛਾਣ ਕਰ ਲਈ ਹੈ।
ਪਿਛਲੇ 73 ਸਾਲਾਂ ਤੋਂ ਦੇਸ਼ ਚ ਕਾਂਗਰਸੀ, ਭਾਜਪਾਈਆਂ ਦੇ ਰਾਜ ਚ ਕਿਸਾਨਾਂ ਤੇ ਮਜ਼ਦੂਰਾਂ ਦਾ ਕਚੂਮਰ ਕੱਢਣ ਵਾਲੇ ਹਾਕਮ ਹੁਣ ਸਾਰੇ ਹੱਦ ਬੰਨੇ ਟੱਪ ਚੁੱਕੇ ਹਨ।ਉਨਾਂ ਕਿਹਾ ਕਿ ਦਿੱਲੀ ਹਕੂਮਤ ਦੇ ਗਲ ਚ ਫਸਿਆ ਕਿੱਲਾ ਕੱਢਣ ਲਈ 26,27 ਨਵੰਬਰ ਨੂੰ ਦਿੱਲੀ ਘੇਰਨ ਦੀ ਤਿਆਰੀ ਪੂਰੇ ਜੋਰ ਸੋਰ ਨਾਲ ਜਾਰੀ ਹੈ। ਅੱਜ ਦੇ ਧਰਨੇ ਨੂੰ ਜਗਤਾਰ ਸਿੰਘ ਦੇਹੜਕਾ, ਇੰਦਰਜੀਤ ਧਾਲੀਵਾਲ, ਕੰਵਲਜੀਤ ਖੰਨਾ, ਅਵਤਾਰ ਸਿੰਘ ਤਾਰੀ, ਸ਼ਿੰਗਾਰਾ ਸਿੰਘ ਢੋਲਣ, ਬਲਵਿੰਦਰ ਸਿੰਘ ਕਮਾਲਪੁਰਾ, ਨਰਿੰਦਰ ਸਿੰਘ ਨਿੰਦੀ ਨੇ ਸੰਬੋਧਨ ਕੀਤਾ । ਉਨਾਂ ਕਿਹਾ ਕਿ ਭਲਕੇ ਰੇਲਵੇ ਸਟੇਸ਼ਨ ਜਗਰਾਓਂ ਵਿਖੇ ਧਰਨੇ ਵਿੱਚ ਵੱਡੀ ਗਿਣਤੀ ਵਿਚ ਕਿਸਾਨ ਮਜ਼ਦੂਰ ਸ਼ਾਮਲ ਹੋਣਗੇ।ਧਰਨੇ ਉਪਰੰਤ ਐਸ ਐਸ ਪੀ ਦਫਤਰ ਤਕ ਝੂਠੇ ਪਰਚੇ ਰੱਦ ਕਰਨ ਦੀ ਮੰਗ ਕਰਨ,ਐਸ ਡੀ ਐਮ ਦਫਤਰ ਤੱਕ ਲਾਵਾਰਸ ਪਸ਼ੂਆਂ ਦੀ ਸਾਂਭ ਸੰਭਾਲ ਦੀ ਮੰਗ ਨੂੰ ਲੈ ਕੇ ਇੱਕ ਵੇਰ ਫੇਰ ਮੁਜ਼ਾਹਰਾ ਕੀਤਾ ਜਾਵੇਗਾ