ਬਿਲ ਗੇਟਸ ਨੇ ਕਿਵੇਂ ਟੈਕਨੋਲੋਜੀ ਦੀ ਦੁਨੀਆਂ ‘ਚ ਲਿਆਂਦੀ ਸੀ ਕ੍ਰਾਂਤੀ..
ਦੁਨੀਆਂ ਦੀ ਸਭ ਤੋਂ ਵੱਡੀ ਨਿੱਜੀ ਕੰਪਿਊਟਰ ਸਾਫਟਵੇਅਰ ਕੰਪਨੀ ਮਾਈਕ੍ਰੋਸਾਫਟ ਦੇ ਮੁਖੀ ਬਿਲ ਗੇਟਸ ਦਾ ਅੱਜ ਜਨਮਦਿਨ ਹੈ। ਜਿਸਦਾ ਪੂਰਾ ਨਾਮ ਵਿਲੀਅਮ ਹੈਨਰੀ ਗੇਟਸ ਹੈ। ਬਿਲ ਗੇਟਸ ਦਾ ਜਨਮ 28 ਅਕਤੂਬਰ 1955 ਨੂੰ ਸਿਆਟਲ (ਅਮਰੀਕਾ) ਵਿੱਚ ਹੋਇਆ ਸੀ।
ਗੇਟਸ ਨੇ 13 ਸਾਲ ਦੀ ਉਮਰ ਵਿੱਚ ਪਹਿਲਾ ਸਾਫਟਵੇਅਰ ਪ੍ਰੋਗਰਾਮ ਲਿਖਿਆ ਸੀ। ਹਾਈ ਸਕੂਲ ਵਿੱਚ ਪੜ੍ਹਦਿਆਂ ਉਸਨੇ ਸਕੂਲ ਦੇ ਪੈਰੋਲ ਸਿਸਟਮ ਬਣਾ ਰਹੇ ਪ੍ਰੋਗਰਾਮਰਸ ਦੇ ਇੱਕ ਗਰੁੱਪ ਦੀ ਮਦਦ ਕੀਤੀ ਅਤੇ ਟ੍ਰੈਫ-ਓ-ਡਾਟਾ ਤਿਆਰ ਕੀਤਾ, ਜਿਸ ਨੇ ਟ੍ਰੈਫਿਕ-ਕਾਊਂਟਿੰਗ ਸਿਸਟਮ ਲੋਕਲ ਸਰਕਾਰਾਂ ਨੂੰ ਵੇਚ ਦਿੱਤਾ ਸੀ।
ਹਾਰਵਰਡ ਯੂਨੀਵਰਸਿਟੀ ਵਿਚ ਪੜ੍ਹਦੇ ਸਮੇਂ ਗੇਟਸ ਨੂੰ ਪਾਲ ਜੀ ਐਲਨ ਵਰਗਾ ਇੱਕ ਦੋਸਤ ਮਿਲਿਆ ਅਤੇ ਉਨ੍ਹਾਂ ਨੇ ਮਾਈਕ੍ਰੋਸਾਫਟ ਦੀ ਨੀਂਹ ਰੱਖੀ। ਇੰਟਰਨੈਸ਼ਨਲ ਬਿਜ਼ਨਸ ਮਸ਼ੀਨ (IBM) ਕਾਰਪੋਰੇਸ਼ਨ ਲਈ ਐਮਐਸ-ਡੌਸ ਤਿਆਰ ਕੀਤਾ। ਜੋ ਕਿ ਕਾਫੀ ਮਸ਼ਹੂਰ ਹੋਇਆ। 1990 ਦੇ ਸ਼ੁਰੂ ਵਿੱਚ, ਮਾਈਕਰੋਸਾਫਟ ਪੀਸੀ ਉਦਯੋਗ ਵਿੱਚ ਕਿੰਗਮੇਕਰ ਬਣ ਗਿਆ ਸੀ।
1986 ‘ਚ ਗੇਟਸ ਅਰਬਪਤੀਆਂ ਦੀ ਸੂਚੀ ਵਿਚ ਸ਼ਾਮਲ ਹੋਏ। 1995 ਵਿਚ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਬਣੇ ਅਤੇ ਕਈ ਸਾਲਾਂ ਤੱਕ ਸ਼ਿਖਰ ‘ਤੇ ਰਹੇ। ਜੂਨ 2008 ‘ਚ ਗੇਟਸ ਨੇ ਮਾਈਕ੍ਰੋਸਾਫਟ ਦੇ ਰੋਜ਼ਮਰ੍ਹਾ ਦੇ ਕੰਮ ਤੋਂ ਆਪਣੇ ਆਪ ਨੂੰ ਵੱਖ ਕਰ ਲਿਆ ਤਾਂ ਜੋ ਉਹ ਬਿੱਲ ਐਂਡ ਮੇਲਿੰਡਾ ਗੇਟਸ ਫਾਉਂਡੇਸ਼ਨ ਵਿਚ ਵਧੇਰੇ ਸਮਾਂ ਲਾ ਸਕਣ। ਉਸਨੇ ਫਰਵਰੀ 2014 ਵਿਚ ਚੇਅਰਮੈਨ ਦਾ ਅਹੁਦਾ ਵੀ ਛੱਡ ਦਿੱਤਾ ਸੀ।
ਮਾਈਕ੍ਰੋਸਾਫਟ ਛੱਡਣ ਤੋਂ ਬਾਅਦ ਵਿੱਚ ਗੇਟਸ ਨੇ ਆਪਣੇ ਕਰੀਅਰ ਵਿੱਚ ਕਈ ਸਮਾਜ ਸੇਵੀ ਕੰਮ ਕੀਤੇ। ਉਸ ਨੇ ਬਿਲ ਅਤੇ ਮੈਲਿੰਡਾ ਗੇਟਸ ਫ਼ਾਊਂਡੇਸ਼ਨ ਦੇ ਰਾਹੀਂ ਬਹੁਤ ਸਾਰੇ ਚੈਰੀਟੇਬਲ ਸੰਸਥਾਵਾਂ ਅਤੇ ਵਿਗਿਆਨਕ ਖੋਜ ਪ੍ਰੋਗਰਾਮਾਂ ਲਈ ਬਹੁਤ ਵੱਡੀ ਰਕਮ ਦਾਨ ਕੀਤੀ।
Comment here