Education

ਸਰਕਾਰੀ ਸਕੂਲ – ਜਿਹੜਾ ਕਦੇ ਮਿਹਣਾ ਸੀ ਹੁਣ ਬਣਿਆ ਮਾਣ ਦਾ ਕਾਰਨ

Government Senior Secondary School Channo

ਸਰਕਾਰੀ ਕੰਨਿਆ ਸਕੂਲ ਭੀਖੀ ਦੀ ਨੁਹਾਰ ਬਦਲਕੇ ਸਿੱਖਿਆ ਦੇ ਨਕਸ਼ੇ ਤੇ ਲਿਆਉਣ ’ਚ ਅਹਿਮ ਯੋਗਦਾਨ ਪਾਉਣ ਵਾਲੇ ਪ੍ਰਿੰਸੀਪਲ ਪ੍ਰੀਤਇੰਦਰ ਘਈ…

ਲੰਘੇ ਵੇਲਿਆਂ ’ਚ ਕਦੇ ਮਿਹਣੇ ਤੋਂ ਘੱਟ ਨਹੀਂ ਸੀ ਪਰ ਦਿਨ ਬਦਲੇ ਤਾਂ ਹੁਣ ਸੰਗਰੂਰ ਜ਼ਿਲ੍ਹੇ ਦਾ ‘ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੰਨੋ’ ਮਾਣ ਦਾ ਪ੍ਰਤੀਕ ਬਣਨ ਲੱਗਿਆ ਹੈ। ਉਹ ਦਿਨ ਜਾਣੇ ਸ਼ੁਰੂ ਹੋ ਗਏ ਹਨ ਜਦੋਂ ਹੋਰਨਾਂ ਸਰਕਾਰੀ ਸਕੂਲਾਂ ਦੀ ਤਰ੍ਹਾਂ ਇਸ ਸਕੂਲ ਤੇ ਵੀ ਪਛੜੇ ਹੋਣ ਦਾ ਦਾਗ ਸੀ। ਵਕਤ ਬਦਲਿਆ ਤਾਂ ਮੂੰਹੋ ਨਿਕਲਦਾ ਹੈ ‘ਨਹੀਂ ਰੀਸ ਚੰਨੋ ਦੇ ਸਕੂਲ’ ਦੀ।  ਸਰਕਾਰੀ ਕੰਨਿਆ ਸਕੂਲ ਭੀਖੀ ਦੀ ਨੁਹਾਰ ਬਦਲਕੇ ਸਿੱਖਿਆ ਦੇ ਨਕਸ਼ੇ ਤੇ ਲਿਆਉਣ ’ਚ ਅਹਿਮ ਯੋਗਦਾਨ ਪਾਉਣ ਵਾਲੇ ਪ੍ਰਿੰਸੀਪਲ ਪ੍ਰੀਤਇੰਦਰ ਘਈ ਨੇ ਬਦਲੀ ਹੋਣ ਤੇ ਜਦੋਂ ਇਸ ਸਕੂਲ ’ਚ ਪੈਰ ਧਰਿਆ ਤਾਂ ਹਾਲਾਤ ਕੋਈ ਬਹੁਤੇ ਵਧੀਆ ਨਹੀਂ ਸਨ। ਪ੍ਰੀਤਇੰਦਰ ਘਈ ਵੱਲੋਂ ਆਪਣੀ ਯੋਜਨਾ ਸਟਾਫ ਅੱਗੇ ਰੱਖਣ ’ਤੇ ਅਧਿਆਪਕ ਇੱਕ ਮੋਰੀ ਨਿੱਕਲ ਗਏ ਤਾਂ ਘਈ ਦੇ ਠਾਠਾਂ ਮਾਰਦੇ ਜਜਬੇ ਨੇ ਅਧਿਆਪਕਾਂ ਨੂੰ ਨਵੇਂ ਮਿਸ਼ਨ ਦੇ ਰਾਹੀ ਬਣਾ ਦਿੱਤਾ।

ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਅਮਰਜੀਤ ਸਿੰਘ ਅਤੇ ਸਟੇਟ ਐਵਾਰਡੀ ਸੁਰਿੰਦਰ ਸਿੰਘ ਨੇ ਸਟਾਫ ਦਾ ਹੌਂਸਲਾ ਵਧਾਇਆ ਤਾਂ ਪ੍ਰਿੰਸੀਪਲ ਪਰਮਲ ਸਿੰਘ ਨਦਾਮਪੁਰ ਰਾਹ ਦਸੇਰਾ ਬਣੇ। ਫਿਰ ਕੀ ਸੀ ਖੰਡਰ ਬਣਨ ਵੱਲ ਵਧ ਰਹੇ ਸਕੂਲ ਦੀ ਕਾਇਆ ਕਲਪ ਸ਼ੁਰੂ ਕਰ ਦਿੱਤੀ ਗਈ। ਜਦੋਂ ਸਕੂਲ ਦਾ ਨਕਸ਼ਾ ਬਦਲਦਾ ਦਿਸਿਆ ਤਾਂ ਪੰਚਾਇਤ ਵੀ ਅੱਗੇ ਆ ਗਈ ਅਤੇ ਇੰਟਰਲਾਕ ਟਾਈਲਾਂ ਲੁਆਉਣ ਦਾ ਐਲਾਨ ਕਰ ਦਿੱਤਾ। ਇਸ ਪ੍ਰਜੈਕਟ ਤੇ ਪੰਜ ਲੱਖ ਰੁਪਿਆ ਖਰਚ ਆਉਣ ਦਾ ਅਨੁਮਾਨ ਹੈ। ਪਿੰਡ ਦੀ ਸਰਪੰਚ ਸ਼੍ਰੀਮਤੀ ਅਰਵਿੰਦਰ ਕੌਰ ਆਖਦੇ ਹਨ ਕਿ ਵਿੱਦਿਆ ਦੇ ਮੰਦਰ ਤੋਂ ਵੱਧ ਕੁੱਝ ਵੀ ਨਹੀਂ ਇਹ ਅਧਿਆਪਕਾਂ ਨੇ ਸਾਬਤ ਕਰ ਦਿਖਾਇਆ ਹੈ। ਸਕੂਲ ’ਚ ਦਾਖਲ ਹੁੰਦਿਆਂ ਸਮਾਰਟ ਲਾਈਟਾਂ ਨਾਲ ਸਜ਼ਿਆ ਨਵਾਂ ਗੇਟ ਸੁਆਗਤ ਕਰਦਾ ਹੈ। ਚਾਰ ਚੁਫੇਰੇ ਹਰੀ ਪੱਟੀ ਵਿਕਸਤ ਕੀਤੀ ਗਈ ਹੈ ਅਤੇ ਸੁੰਦਰਤਾ ਵਧਾਉਣ ਲਈ ਖਜੂਰਾਂ ਦੇ ਦਰਖਤ ਲਾਏ ਗਏ ਹਨ।

 

ਮੰਨਿਆ ਜਾ ਰਿਹਾ ਹੈ ਕਿ ਹਰਿਆਲੀ ਦਾ ਏਨਾ ਅਸਰ ਹੋਵੇਗਾ ਕਿ ਬੱਚੇ ਤਣਾਓ ਮੁਕਤ ਰਹਿਣਗੇ ਅਤੇ ਉਹਨਾਂ ਦਾ ਪੜ੍ਹਾਈ ’ਚ ਵੀ ਦਿਲ ਲੱਗੇਗਾ। ਪਿੰਡ ਵਾਸੀਆਂ ਦੇ ਸਹਿਯੋਗ ਅਤੇ ਸਟਾਫ ਵੱਲੋਂ ਕੀਤੇ ਉੱਦਮ ਨਾਲ ਤਿੰਨ ਮਹੀਨਿਆਂ ਦੌਰਾਨ 11 ਸਮਾਰਟ ਕਲਾਸ ਰੂਮ ਬਣ ਗਏ ਹਨ ਜਦੋਂਕਿ ਐਜੂਕੇਸ਼ਨ ਪਾਰਕ ਇਸ ਤੋਂ ਵੱਖਰਾ ਹੈ। ਆਰਟ ਪਾਰਕ ਬਣ ਕੇ ਤਿਆਰ ਹੋ ਗਿਆ ਹੈ। ਸਿੱਖਿਆ ਲਈ ਅਤੀਅਹਿਮ ਮੰਨੀ ਜਾਂਦੀ ਸਾਇੰਸ ਲੈਬ ਦੇ ਨਵੀਨੀਕਰਨ ਤੋਂ ਇਲਾਵਾ ਕੰਪਿਊਟਰ ਲੈਬ ਅਤੇ ਚਾਰਦਿਵਾਰੀ ਮੁਕਮਲ ਕਰ ਦਿੱਤੀ ਗਈ ਹੈ। ਵੱਡੀ ਗੱਲ ਹੈ ਕਿ ਸਕੂਲ ਦੇ ਬਾਹਰ ਵੀ ਦਿਲ ਖਿੱਚ੍ਹਵਾਂ ਪਾਰਕ ਬਣਾਇਆ ਗਿਆ ਹੈ। ਇਸ ਵੇਲੇ ਸਮੁੱਚੀ ਇਮਾਰਤ ਨੂੰ ਰੰਗ ਕਰਵਾਉਣ ਦਾ ਕੰਮ ਚੱਲ ਰਿਹਾ ਹੈ ਜਿਸ ਤੇ ਦੋ ਲੱਖ ਰੁਪਏ ਖਰਚ ਹੋਣ ਦਾ ਅਨੁਮਾਨ ਹੈ ।

ਇਸ ਤੋਂ ਬਿਨਾਂ ਬੱਚਿਆਂ ਦੇ ਬੈਠਣ ਲਈ ਬੈਂਚਾਂ ਦੀ ਮੁਰੰਮਤ ਕਰਵਾਈ ਗਈ ਹੈ । ਸਪੋਰਟਸ ਰੂਮ,ਮੈਥ ਰੂਮ ਅਤੇ  ਲੈਂਗੂਏਜ਼ ਲੈਬ ਬਨਾਉਣ ਦੀ ਤਿਆਰੀ ਹੈ । ਸਕੂਲ ਲਈ ਲੁੜੀਂਦਾ ਸਾਊਂਡ ਸਿਸਟਮ ਵੀ ਲਿਆਦਾ ਜਾਣਾ ਹੈ। ਅਧਿਆਪਕ ਦੱਸਦੇ ਹਨ ਕਿ ਸਕੂਲ ਦੇਖਣ ਲਈ ਆਉਣ ਵਾਲਾ ਹਰ ਕੋਈ ਦੰਗ ਰਹਿ ਜਾਂਦਾ ਹੈ। ਸਕੂਲ ’ਚ ਅਧਿਆਪਕਾਂ ਵੱਲੋਂ ਸਟਾਫ ਦਾ ਸੈਸ਼ਨ ਕਰਵਾਇਆ ਜਾਂਦਾ ਹੈ ਜਿਸ ’ਚ ਹਰ ਅਧਿਆਪਕ ਸਕੂਲ ਦੀ ਬਿਹਤਰੀ ਲਈ ਸੁਝਾਅ ਦਿੰਦਾ ਹੈ। ਬਦਲੇ ਦਿਨਾਂ ਦੀ ਗੱਲ ਹੈ ਹੈ ਕਿ ਹੁਣ ਤਾਂ ਸਕੂਲ ਮੈਨੇਜਮੈਂਟ ਕਮੇਟੀ ਰੋਜਾਨਾਂ ਸਕੂਲ ਦਾ ਗੇੜਾ ਮਾਰਨ ਲੱਗੀ ਹੈ। ‘ਸਮਾਰਟ ਵਿਲੇਜ ਮੁਹਿੰਮ’ ਦਾ ਉਦਘਾਟਨ ਕਰਨ ਆਏ ਸਿੱਖਿਆ ਮੰਤਰੀ ਪੰਜਾਬ ਵਿਜੇ ਇੰਦਰ ਸਿੰਗਲਾ ਨੇ ਚੰਨੋ ਦੇ ਸਕੂਲ   ਨੂੰ ਦੇਖਦਿਆਂ ਹੀ ਅਧਿਆਪਕਾਂ ਦੀ ਪਿੱਠ  ਥਾਪੜੀ ਹੈ।

Comment here

Verified by MonsterInsights