ਇਸ ਫੈਸਲੇ ਤੇ ਹੁਣ ਦੂਸਰੇ ਸੂਬਿਆਂ ਦੀਆਂ ਸਰਕਾਰਾਂ ਵੀ ਅਮਲ ਕਰਨ ਤੇ ਵਿਚਾਰ ਕਰ ਰਹੀਆਂ ਹਨ…
ਇੰਡਿਯਨ – ਕੈਨੇਡੀਅਨ ਕੋਡੀਨੇਟਰ ਅਤੇ ਇੰਡੀਅਨ ਓਵਰਸੀਜ਼ ਕਾਂਗਰਸ ਕੈਨੇਡਾ ਦੇ ਪ੍ਰਧਾਨ ਅਮਰਪ੍ਰੀਤ ਔਲਖ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਵਿਧਾਨ ਸਭਾ ਵੱਲੋਂ ਕੇਂਦਰ ਦੇ ਕਿਸਾਨ ਵਿਰੋਧੀ ਖੇਤੀ ਕਾਨੂੰਨਾਂ ਦੇ ਵਿਰੁੱਧ ਪਾਸ ਕੀਤੇ ਗਏ ਮਜ਼ਬੂਤ ਬਿੱਲਾਂ ਲਈ ਜਿਥੇ ਪੰਜਾਬ ਸਰਕਾਰ ਦਾ ਧੰਨਵਾਦ ਪ੍ਰਗਟਾਇਆ ਹੈ, ਉੱਥੇ ਹੀ ਇਨ੍ਹਾਂ ਨੂੰ ਕਿਸਾਨੀ ਦੇ ਹਿੱਤ ‘ਚ ਮੀਲ ਦਾ ਪੱਥਰ ਦੱਸਿਆ ਹੈ।
ਇੱਥੇ ਜਾਰੀ ਇਕ ਬਿਆਨ ਵਿਚ ਔਲਖ ਨੇ ਕਿਹਾ ਕਿ ਅਜਿਹਾ ਮਜ਼ਬੂਤ ਕਦਮ ਸਿਰਫ ਕੈਪਟਨ ਅਮਰਿੰਦਰ ਸਿੰਘ ਹੀ ਚੁੱਕ ਸਕਦੇ ਸਨ, ਜਿਨ੍ਹਾਂ ਨੇ ਇਕ ਵਾਰ ਫਿਰ ਤੋਂ ਸਾਬਿਤ ਕਰ ਦਿੱਤਾ ਹੈ ਕਿ ਉਹ ਪੰਜਾਬ ਹਿਤਾਂ ਦੇ ਅਸਲੀ ਰਾਖੈਯਕ ਹਨ ਅਤੇ ਉਨ੍ਹਾਂ ਵੱਲੋਂ ਲਏ ਗਏ ਇਸ ਫੈਸਲੇ ਤੇ ਹੁਣ ਦੂਸਰੇ ਸੂਬਿਆਂ ਦੀਆਂ ਸਰਕਾਰਾਂ ਵੀ ਅਮਲ ਕਰਨ ਤੇ ਵਿਚਾਰ ਕਰ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਕੇਂਦਰ ਵੱਲੋਂ ਲਿਆਏ ਗਏ ਖੇਤੀ ਕਾਨੂੰਨਾਂ ਦਾ ਬੁਰਾ ਅਸਰ ਨਾ ਸਿਰਫ ਕਿਸਾਨਾਂ ਤੇ ਪਵੇਗਾ, ਸਗੋਂ ਸਮਾਜ ਦਾ ਹਰ ਵਰਗ ਇਸ ਤੋਂ ਪ੍ਰਭਾਵਿਤ ਹੋਵੇਗਾ। ਉਨ੍ਹਾਂ ਕਿਹਾ ਕਿ ਐਨ.ਆਰ.ਆਈ ਭਾਈਚਾਰਾ ਪੰਜਾਬ ਸਰਕਾਰ ਦੇ ਇਸ ਫੈਸਲੇ ਤੇ ਮਜ਼ਬੂਤੀ ਨਾਲ ਖੜ੍ਹਾ ਹੈ।