ਮ੍ਰਿਤਕ ਬਲਵਿੰਦਰ ਸਿੰਘ ਦੀ ਪਤਨੀ ਸ਼ੋਰੀਆ ਚੱਕਰ ਵਿਜੇਤਾ ਜਗਦੀਸ਼ ਕੌਰ ਨੇ ਇਸ ਘਟਨਾ ਨੂੰ ਅੱਤਵਾਦ ਘਟਨਾ ਦਸਿਆ…
ਅੱਤਵਾਦ ਦੀਆਂ ਕਾਲੇ ਦੌਰ ਦੌਰਾਨ ਅੱਤਵਾਦੀਆਂ ਨਾਲ ਲੋਹਾ ਲੈਣ ਕਰਕੇ ਭਾਰਤ ਸਰਕਾਰ ਵੱਲੋਂ ਸ਼ੋਰੀਆ ਚੱਕਰ ਨਾਲ ਸਨਮਾਨਿਤ ਕੀਤੇ ਗਏ ਕਾਮਰੇਡ ਬਲਵਿੰਦਰ ਸਿੰਘ ਭਿੱਖੀਵਿੰਡ ਦਾ ਅੱਜ ਸਵੇਰੇ 7 ਵਜੇ ਦੇ ਦਰਮਿਆਨ ਦੋ ਅਣਪਛਾਤੇ ਨੌਜਵਾਨਾਂ ਵੱਲੋਂ ਘਰ ਅੰਦਰ ਦਾਖਲ ਹੋ ਕੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਦੱਸਣਯੋਗ ਹੈ ਕਿ ਕਾਮਰੇਡ ਬਲਵਿੰਦਰ ਸਿੰਘ ‘ਤੇ ਪਹਿਲਾਂ ਵੀ 40 ਦੇ ਕਰੀਬ ਹਮਲੇ ਹੋ ਚੁੁੱਕੇ ਹਨ, ਜਿਸ ਕਾਰਨ ਪੰਜਾਬ ਸਰਕਾਰ ਵੱਲੋਂ ਉਹਨਾਂ ਨੂੰ ਕਈ ਵਾਰ ਸੁਰੱਖਿਆ ਦੇ ਕੇ ਵਾਪਸ ਲੈ ਲਈ ਗਈ, ਮੌਜੂਦਾ ਸਮੇਂ ਵੀ ਉਹਨਾਂ ਨੂੰ ਦਿੱਤੇ ਗਏ ਗੰਨਮੈਂਨ ਵਾਪਸ ਲੈ ਲਏ ਗਏ ਸਨ।
ਘਟਨਾ ਦੀ ਜਾਣਕਾਰੀ ਮਿਲਦਿਆਂ ਐਸ.ਐਸ.ਪੀ ਤਰਨ ਤਾਰਨ ਧਰੁਮਨ ਐਚ ਨਿੰਬਲੇ, ਐਸ.ਪੀ ਜਗਜੀਤ ਸਿੰਘ ਵਾਲੀਆ, ਡੀ.ਐਸ.ਪੀ ਰਾਜਜੀਤ ਸਿੰਘ ਸਮੇਤ ਉੱਚ ਪੁਲਿਸ ਅਧਿਕਾਰੀ ਸਮੇਤ ਨੇੜੇ ਦੇ ਪੁਲਿਸ ਪਾਰਟੀਆਂ ਮੌਕੇ ‘ਤੇ ਪਹੁੰਚੀਆਂ। ਪੁਲਿਸ ਪਾਰਟੀ ਵੱਲੋਂ ਜਾਂਚ ਸ਼ੁਰੂ ਕਰਦਿਆਂ ਘਰ ਵਿਚ ਲੱਗੇ ਅਤੇ ਨੇੜੇ ਦੇ ਸੀ.ਸੀ.ਟੀ.ਵੀ ਕੈਮਰਿਆਂ ਨੂੰ ਚੈਕ ਕੀਤਾ ਜਾ ਰਿਹਾ, ਉਥੇ ਫਿੰਗਰ ਪਿ੍ਰੰਟ ਮਾਹਿਰ ਟੀਮ ਵੱਲੋਂ ਵੀ ਜਾਂਚ ਕੀਤੀ ਜਾ ਰਹੀ ਹੈ।
ਦੱਸਣਯੋਗ ਹੈ ਕਿ ਮੌਕੇ ‘ਤੇ ਪਹੁੰਚੇ ਐਸ.ਐਸ.ਪੀ ਧਰੁਮਨ ਐਚ.ਨਿੰਬਲੇ ਦੇ ਸਾਹਮਣੇ ਸ਼ੋਰੀਆ ਚੱਕਰ ਵਿਜੇਤਾ ਭਰਾ ਰਣਜੀਤ ਸਿੰਘ, ਕਾਮਰੇਡ ਦਲਜੀਤ ਸਿੰਘ ਸਾਬਕਾ ਸਰਪੰਚ ਹਰਜਿੰਦਰ ਸਿੰਘ, ਕਾਮਰੇਡ ਚਮਨ ਲਾਲ ਨੇ ਰੋਸ ਜਾਹਰ ਕਰਦਿਆਂ ਪੁਲਿਸ ਖਿਲਾਫ ਨਾਅਰੇਬਾਜੀ ਕਰਦਿਆਂ ਦੋਸ਼ ਲਗਾਇਆ ਕਿ ਸ਼ਿਫਾਰਸ਼ੀ ਲੋਕਾਂ ਨੂੰ ਪੁਲਿਸ ਵੱਲੋਂ ਸੁਰੱਖਿਆ ਦਿੱਤੀ ਗਈ ਹੈ, ਜਦੋਂ ਕਿ ਪਰਿਵਾਰ ਦੇ ਚਾਰ ਸ਼ੋਰੀਆ ਚੱਕਰ ਵਿਜੇਤਾ ਮੈਂਬਰਾਂ ਕਾਮਰੇਡ ਬਲਵਿੰਦਰ ਸਿੰਘ, ਪਤਨੀ ਜਗਦੀਸ਼ ਕੌਰ, ਭਰਾ ਰਣਜੀਤ ਸਿੰਘ ਤੇ ਭਰਜਾਈ ਦੀ ਸੁਰੱਖਿਆ ਵਾਪਸ ਲੈਣ ਕਾਰਨ ਹੀ ਅਜਿਹੀ ਘਟਨਾ ਵਾਪਰੀ ਹੈ।
ਖਬਰ ਲਿਖੇ ਜਾਣ ਤੱਕ ਪਰਿਵਾਰਕ ਮੈਂਬਰ ਇਸ ਗੱਲ ‘ਤੇ ਅੜੇ ਸਨ ਜਿਹਨਾਂ ਚਿਰ ਤੱਕ ਕਾਤਲਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ, ਉਨੀ ਦੇਰ ਤੱਕ ਮ੍ਰਿਤਕ ਦਾ ਪੋਸਟ ਮਾਰਟਮ ਨਹੀਂ ਕਰਨ ਦਿੱਤਾ ਜਾਵੇਗਾ। ਮ੍ਰਿਤਕ ਬਲਵਿੰਦਰ ਸਿੰਘ ਦੀ ਪਤਨੀ ਕਿਹਾ ਕਿ ਜੇਕਰ ਪੁਲਿਸ ਉਹਨਾਂ ਦੀ ਸੁਰੱਖਿਆ ਵਾਪਸ ਨਾ ਲੈਂਦੀ ਤਾਂ ਕਾਮਰੇਡ ਬਲਵਿੰਦਰ ਸਿੰਘ ਨੂੰ ਕੋਈ ਖਤਰਾ ਨਹੀਂ ਸੀ। ਉਹਨਾਂ ਨੇ ਆਪਣੇ ਪਰਿਵਾਰਕ ਮੈਂਬਰਾਂ ਦੀ ਜਾਨ ਨੂੰ ਖਤਰਾ ਦੱਸਦਿਆਂ ਤੁਰੰਤ ਸੁਰੱਖਿਆ ਪ੍ਰਦਾਨ ਕਰਨ ਦੀ ਮੰਗ ਕੀਤੀ।
Comment here