Education

ਹੁਣ ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਵੀ ਸ਼ੁਰੂ ਕੀਤੇ ਜਾਣਗੇ ਅੰਗਰੇਜ਼ੀ ਬੂਸਟਰ ਕਲੱਬ

ਅੰਗਰੇਜ਼ੀ ਭਾਸ਼ਾ ਦੇ ਉਚਾਰਣ ਸਮੇਂ ਝਿਜਕ ਅਤੇ ਡਰ ਖਤਮ ਕਰਨ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਭਾਸ਼ਾ ਕੌਂਸਲਾਂ ਵਿੱਚ ਪ੍ਰਵੀਨ ਬਣਾਉਣਗੇ…

ਪੰਜਾਬ ਵਿਚ ਵਿਦਿਆਰਥੀਆਂ ਦੇ ਗੁਣਾਤਮਿਕ ਵਿਕਾਸ ਲਈ ਸਰਕਾਰੀ ਸਕੂਲਾਂ ’ਚ ਨਿਵੇਕਲੀ ਪਹਿਲਕਦਮੀ ਕਰਦਿਆਂ ਅੰਗਰੇਜ਼ੀ ਬੂਸਟਰ ਕਲੱਬ ਬਣਾਉਣ ਦਾ ਫੈਸਲਾ ਕੀਤਾ ਹੈ। ਜਿੰਨ੍ਹਾਂ ਦਾ ਉਦੇਸ਼ ਵਿਦਿਆਰਥੀਆਂ ਵਿੱਚ ਅੰਗਰੇਜ਼ੀ ਭਾਸ਼ਾ ਦੇ ਉਚਾਰਣ ਸਮੇਂ ਝਿਜਕ ਅਤੇ ਡਰ ਖਤਮ ਕਰਨ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਭਾਸ਼ਾ ਕੌਂਸਲਾਂ ਵਿੱਚ ਪ੍ਰਵੀਨ ਬਣਾਉਣਾ ਹੈ। ਇਹ ਕਲੱਬ ਬਣਾਉਣ ਦੀ ਸ਼ੁਰੂਆਤ ਅੱਜ ਤੋਂ ਕੀਤੀ ਜਾ ਰਹੀ ਹੈ।

ਸਟੇਟ ਰਿਸੋਰਸ ਪਰਸਨ ਚੰਦਰ ਸ਼ੇਖਰ ਨੇ ਦੱਸਿਆ ਕਿ ਪਿਛਲੇ ਕੁੱਝ ਸਮੇਂ ਦੌਰਾਨ ਨਿੱਜੀ ਸਕੂਲਾਂ ਵਿੱਚੋਂ ਬਹੁਤ ਸਾਰੇ ਵਿਦਿਆਰਥੀ ਹਟ ਕੇ ਸਰਕਾਰੀ ਸਕੂਲਾਂ ਵਿੱਚ ਦਾਖਲ ਹੋਏ ਹਨ ਅਤੇ ਉਨ੍ਹਾਂ ਵਿਦਿਆਰਥੀਆਂ ਦੇ ਮਾਪਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਭਾਸ਼ਾ ਦੇ ਤਜ਼ਰਬੇਕਾਰ ਅਧਿਆਪਕਾਂ ਅਤੇ ਉਨ੍ਹਾਂ ਦੀ ਪੜ੍ਹਾਉਣ ਦੀਆਂ ਵਿਧੀਆਂ ’ਚ ਵਿਸ਼ਵਾਸ਼ ਪ੍ਰਗਟਾਇਆ ਹੈ।

ਇਸੇ ਵਿਸ਼ਵਾਸ਼ ਨੂੰ ਕਾਇਮ ਰੱਖਣ ਲਈ ਸਰਕਾਰੀ ਸਕੂਲਾਂ ਦੇ ਅੰਗਰੇਜ਼ੀ ਅਧਿਆਪਕਾਂ ਨੇ ਬੂਸਟਰ ਕਲੱਬ ਬਣਾਉਣ ਦੀ ਨਿਵੇਕਲੀ ਪਹਿਲਕਦਮੀ ਕੀਤੀ ਹੈ। ਇਸ ਸਬੰਧੀ ਅੰਗਰੇਜ਼ੀ ਦੇ ਜਿਲ੍ਹਾ ਅਧਿਕਾਰੀਆਂ ਨੇ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਦਾਖ਼ਲੇ ਵਧਾਉਣ ਸਮੇਂ ਜਦੋਂ ਉਹ ਨਿੱਜੀ ਸਕੂਲਾਂ ਦੇ ਮਾਪਿਆਂ ਨਾਲ ਗੱਲਬਾਤ ਕਰਦੇ ਸਨ ਤਾਂ ਉਨ੍ਹਾਂ ਨੂੰ ਆਮ ਸੁਣਨ ਵਿੱਚ ਮਿਲਦਾ ਸੀ ਕਿ ਸਰਕਾਰੀ ਸਕੂਲਾਂ ਦੇ ਅਧਿਆਪਕ ਅੰਗਰੇਜ਼ੀ ਵਿੱਚ ਬੱਚਿਆਂ ਦੀ ਪਕੜ ਮਜਬੂਤ ਨਹੀਂ ਕਰਵਾ ਸਕਦੇ।

ਜਦੋਂ ਉਨ੍ਹਾਂ ਨੇ ਹੋਰ ਅੰਗਰੇਜ਼ੀ ਦੇ ਅਧਿਆਪਕਾਂ ਨਾਲ ਗੱਲਬਾਤ ਕੀਤੀ ਤਾਂ ਇਸ ਮੁੱਦੇ ਨੂੰ ਚੁਣੌਤੀ ਵਜੋਂ ਲੈਦਿਆਂ ਸਕੂਲਾਂ ਵਿੱਚ ਬੱਚਿਆਂ ਨੂੰ ਆਨ-ਲਾਈਨ ਅੰਗਰੇਜ਼ੀ ਦਾ ਪਾਠਕ੍ਰਮ ਕਰਵਾਉਂਦੇ ਹੋਏ ਬੋਲਚਾਲ ਸਮੇਂ ਪਰਿਪੱਕਤਾ ਨਾਲ ਅੰਗਰੇਜ਼ੀ ਬੋਲਣ ਲਈ ਉਤਸ਼ਾਹਿਤ ਕੀਤਾ, ਜਿਸਦੇ ਚੰਗੇ ਨਤੀਜੇ ਸਾਹਮਣੇ ਆਏ ਅਤੇ ਇਹਨਾਂ ਹੀ ਪ੍ਰਸਥਿਤੀਆਂ ਵਿੱਚੋਂ ਬੂਸਟਰ ਕਲੱਬ ਬਣਾਉਣ ਦੀ ਸੋਚ ਬਣੀ। ਜਿਸ ਸਬੰਧੀ ਅੰਗਰੇਜ਼ੀ ਅਧਿਆਪਕਾਂ ਵੱਲੋਂ ਬੂਸਟਰ ਕਲੱਬ ਸ਼ੁਰੂ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਮੈਂਟਰਜ਼ ਅਤੇ ਬਲਾਕ ਮੈਂਟਰਜ਼ ਵੱਲੋਂ ਅੰਗਰੇਜ਼ੀ ਬੂਸਟਰ ਕਲੱਬ ਤਹਿਤ ਕਰਵਾਈਆਂ ਜਾਣ ਵਾਲੀਆਂ ਗਤੀਵਿਧੀਆਂ ਦੀ ਰੂਪਰੇਖਾ ਵੀ ਤਿਆਰ ਕਰ ਲਈ ਗਈ ਹੈ।

ਜ਼ਿਲ੍ਹਾ ਸਿੱਖਿਆ ਮੀਡੀਆ ਕੋਆਰਡੀਨੇਟਰ ਅਮਰਜੀਤ ਸਿੰਘ ਨੇ ਕਿਹਾ ਕਿ ਬੂਸਟਰ ਕਲੱਬ ਸਥਾਪਤ ਕਰਨ ਦਾ ਕੰਮ ਦੋ ਪੜਾਵਾਂ ਵਿੱਚ ਹੋਵੇਗਾ। ਜਿਸਦਾ ਪਹਿਲਾ ਪੜਾਅ ਇੱਕ ਮਹੀਨੇ ਦਾ ਹੋਵੇਗਾ, ਜਿਸ ਤਹਿਤ ਸਕੂਲ, ਬਲਾਕ, ਜ਼ਿਲ੍ਹਾ ਅਤੇ ਰਾਜ ਪੱਧਰ ’ਤੇ ਬੂਸਟਰ ਕਲੱਬ ਸਥਾਪਤ ਕਰਨਾ ਅਤੇ ਇਸ ਕਲੱਬ ਵਿੱਚ ਸ਼ਾਮਲ ਬੱਚਿਆਂ ਨੂੰ ਆਡੀਓ ਅਤੇ ਹੋਰ ਸਿੱਖਣ ਸਹਾਇਕ ਸਮੱਗਰੀ ਦੀ ਵਰਤੋਂ ਕਰਕੇ ਸਥਿਤੀ ਅਨੁਸਾਰ ਸਾਧਾਰਨ ਵਾਕ ਬੋਲਣ ਲਈ ਉਤਸ਼ਾਹਿਤ ਕਰਨਾ ਹੋਵੇਗਾ।

 

ਇਸ ਵਿੱਚ ਸਕੂਲ ਦੀ ਛੇਵੀਂ ਤੋਂ ਬਾਰ੍ਹਵੀਂ ਜਮਾਤ ਦੇ ਹਰੇਕ ਸੈਕਸ਼ਨ ਵਿੱਚੋਂ ਤਿੰਨ-ਤਿੰਨ ਵਿਦਿਆਰਥੀਆਂ ਨੂੰ ਸ਼ਾਮਲ ਕੀਤਾ ਜਾਵੇਗਾ ਅਤੇ ਬਾਅਦ ਵਿੱਚ ਇਸ ਗਿਣਤੀ ਵਿੱਚ ਵਾਧਾ ਕੀਤਾ ਜਾਵੇਗਾ। ਇਹ ਵਿਦਿਆਰਥੀ ਆਪਣੀ ਇੱਛਾ ਅਨੁਸਾਰ ਬੂਸਟਰ ਕਲੱਬ ਵਿੱਚ ਸ਼ਾਮਿਲ ਹੋ ਸਕਣਗੇ।

 

Comment here

Verified by MonsterInsights