Nation

ਜਲੰਧਰ ਦੇ ਪਿੰਡਾਂ ਦੇ ਕਿਸਾਨ ਪਰਾਲੀ ਨੂੰ ਪਸ਼ੂ ਚਾਰੇ ਵਜੋਂ ਵਰਤ ਰਹੇ ਹਨ

ਜਿੱਥੇ ਕਿਸਾਨ ਆਪਣੀ ਆਮਦਨ ਵਿੱਚ ਵਾਧਾ ਕਰ ਰਹੇ ਹਨ ਉੱਥੇ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਵਿੱਚ ਵੀ ਯੋਗਦਾਨ ਪਾ ਰਹੇ ਹਨ।

ਡਿਪਟੀ ਕਮਿਸ਼ਨਰ ਘਣ ਸ਼ਿਆਮ ਥੋਰੀ ਦੀ ਅਪੀਲ ਨੂੰ ਪ੍ਰਵਾਨ ਕਰਦਿਆਂ ਜ਼ਿਲ੍ਹੇ ਦੇ ਪਿੰਡਾਂ ਦੇ ਵੱਡੀ ਗਿਣਤੀ ਕਿਸਾਨਾਂ ਵੱਲੋਂ ਝੋਨੇ ਦੀ ਪਰਾਲੀ ਨੂੰ ਨਾ ਸਾੜ ਕੇ ਇਸ ਨੂੰ ਦੁਧਾਰੂ ਪਸ਼ੂਆਂ ਦੇ ਚਾਰੇ ਵਜੋਂ ਵਰਤਿਆ ਜਾ ਰਿਹਾ ਹੈ, ਜਿਸ ਸਦਕਾ ਪਰਾਲੀ ਵੇਚ ਕੇ ਜਿੱਥੇ ਕਿਸਾਨ ਆਪਣੀ ਆਮਦਨ ਵਿੱਚ ਵਾਧਾ ਕਰ ਰਹੇ ਹਨ ਉੱਥੇ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਵਿੱਚ ਵੀ ਯੋਗਦਾਨ ਪਾ ਰਹੇ ਹਨ।

ਅਜਿਹਾ ਹੀ ਇਕ ਕਿਸਾਨ ਹੈ ਪਿੰਡ ਸਲੇਮਪੁਰ ਮਸੰਦਾ ਦਾ ਜਸਕਰਨ ਸਿੰਘ, ਜੋ ਪਿੰਡ ਦੇ 4 ਡੇਅਰੀ ਧੰਦਾ ਕਰਨ ਵਾਲੇ ਕਿਸਾਨਾਂ ਅਤੇ ਗੁੱਜਰ ਭਾਈਚਾਰੇ ਨੂੰ ਪਰਾਲੀ ਵੇਚ ਕੇ ਆਪਣੀ ਆਮਦਨ ਵਿੱਚ ਵਾਧਾ ਕਰ ਰਿਹਾ ਹੈ ਅਤੇ ਪਰਾਲੀ ਨਾ ਸਾੜ ਕੇ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਵਿੱਚ ਯੋਗਦਾਨ ਪਾ ਰਿਹਾ ਹੈ।

ਉਸ ਨੇ ਕਿਹਾ ਕਿ ਜ਼ਿਲ੍ਹਾ ਜਲੰਧਰ ਵਿਖੇ ਕਈ ਗਊਸ਼ਾਲਾਵਾਂ ਚੱਲ ਰਹੀਆਂ ਹਨ, ਜਿੱਥੇ ਫ਼ਸਲ ਦੀ ਰਹਿੰਦ-ਖੂੰਹਦ ਦੀ ਵਰਤੋਂ ਪਸ਼ੂ ਚਾਰੇ ਵਜੋਂ ਕੀਤੀ ਜਾ ਸਕਦੀ ਹੈ। ਕਣਕ ਦੀ ਤੂੜੀ ਜਾਂ ਚਾਰੇ ਵਿੱਚ ਹੌਲੀ-ਹੌਲੀ ਪਰਾਲੀ ਦੀ ਮਾਤਰਾ ਵਧਾਉਣ ਨਾਲ ਇਹ ਭਵਿੱਖ ਵਿਚ ਕਿਸਾਨਾਂ ਅਤੇ ਡੇਅਰੀ ਫਾਰਮਰਾਂ ਲਈ ਲਾਹੇਵੰਦ ਸਾਬਿਤ ਹੋਵੇਗੀ।

ਇਸੇ ਤਰ੍ਹਾਂ ਪਿੰਡ ਬਹਿਰਾਮ ਸ੍ਰਿਸ਼ਟੀ ਦਾ ਕਿਸਾਨ ਪ੍ਰਿਤਪਾਲ ਸਿੰਘ ਵੀ ਡੇਅਰੀ ਧੰਦਾ ਕਰਨ ਵਾਲੇ ਕਿਸਾਨਾਂ ਨੂੰ ਪਰਾਲੀ ਵੇਚ ਕੇ ਆਪਣੀ ਸਥਾਈ ਆਮਦਨ ਵਿੱਚ ਵਾਧਾ ਕਰ ਰਿਹਾ ਹੈ।ਉਸ ਦਾ ਕਹਿਣਾ ਹੈ ਕਿ ਕਿਸਾਨਾਂ ਨੂੰ ਪਰਾਲੀ ਸਾੜਨ ਦੀ ਬਜਾਏ ਇਸ ਨੂੰ ਵਰਤੋਂ ਵਿੱਚ ਲਿਆ ਕੇ ਇਸ ਦਾ ਸੁਚੱਜਾ ਪ੍ਰਬੰਧਨ ਕਰਨਾ ਚਾਹੀਦਾ ਹੈ।

ਪਿੰਡ ਸਲੇਮਪੁਰ ਮਸੰਦਾ ਦੇ ਕਿਸਾਨਾਂ ਵਾਂਗ ਦੂਸਰੇ ਪਿੰਡਾਂ ਦੇ ਕਿਸਾਨ ਵੀ ਪਰਾਲੀ ਸਾੜਨ ਤੋਂ ਕਿਨਾਰਾ ਕਰਦਿਆਂ ਇਸ ਨੂੰ ਪਸ਼ੂ ਚਾਰੇ ਵਜੋਂ ਵਰਤ ਰਹੇ ਹਨ। ਪਿੰਡ ਕੋਟਲਾ ਦਾ ਜਤਿੰਦਰ ਸਿੰਘ, ਪਿੰਡ ਤਲਵੰਡੀ ਦਾ ਸ਼ਰਨਜੀਤ ਸਿੰਘ, ਪਿੰਡ ਬੂਲੇ ਦਾ ਸ਼ਰਨਜੀਤ ਸਿੰਘ ਅਤੇ ਪਿੰਡ ਬੁੱਲ੍ਹੋਵਾਲ ਦਾ ਬੂਟਾ ਰਾਮ ਪਰਾਲੀ ਨੂੰ ਅੱਗ ਦੇ ਹਵਾਲੇ ਕਰਨ ਦੀ ਬਜਾਏ ਇਸ ਵਰਤੋਂ ਆਪਣੇ ਪਸ਼ੂਆਂ ਦੇ ਚਾਰੇ ਵਜੋਂ ਕਰ ਰਹੇ ਹਨ।

ਡੇਅਰੀ ਮਾਹਿਰਾਂ ਅਨੁਸਾਰ ਛੋਟੇ ਟੁਕੜਿਆਂ ਵਾਲੀ 4 ਕੁਇੰਟਲ ਪਰਾਲੀ ਜੇ 14 ਕਿੱਲੋ ਯੂਰੀਆ ਅਤੇ 200 ਲੀਟਰ ਪਾਣੀ ਨਾਲ ਸੋਧੀ ਜਾਵੇ ਤਾਂ ਇਹ ਦੁਧਾਰੂ ਪਸ਼ੂਆਂ ਲਈ ਵਧੀਆ ਖ਼ੁਰਾਕ ਬਣ ਜਾਂਦੀ ਹੈ । ਯੂਰੀਆ ਨਾਲ ਸੋਧੀ ਗਈ ਪਰਾਲੀ ਪਰਾਲੀ ਵਧੇਰੇ ਪੌਸ਼ਟਿਕ ਹੁੰਦੀ ਹੈ ਅਤੇ ਸੋਧਣ ਤੋਂ ਬਾਅਦ ਇਸ ਨੂੰ ਦੋ ਹਫ਼ਤਿਆਂ ਲਈ ਰੱਖਿਆ ਜਾਂਦਾ ਹੈ ਅਤੇ ਫਿਰ ਇਸ ਦੀ ਵਰਤੋਂ ਪਸ਼ੂ ਚਾਰੇ ਵਜੋਂ ਕੀਤੀ ਜਾ ਸਕਦੀ ਹੈ ਪਰ ਵੱਛੇ ਨੂੰ ਪਰਾਲੀ ਨਹੀਂ ਦਿੱਤੀ ਜਾਣੀ ਚਾਹੀਦੀ ਕਿਉਂਕਿ ਇਹ ਭਾਰੀ ਹੁੰਦੀ ਹੈ ਅਤੇ ਇਸ ਨੂੰ ਹਜ਼ਮ ਕਰਨ ਵਿਚ ਵਧੇਰੇ ਸਮਾਂ ਲੱਗਦਾ ਹੈ।

ਇਸ ਸਬੰਧੀ ਡਿਪਟੀ ਕਮਿਸ਼ਨਰ ਘਣ ਸ਼ਿਆਮ ਥੋਰੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਪਰਾਲੀ ਸਾੜਨ ਨਾਲ ਉੱਠਣ ਵਾਲੇ ਧੂੰਏਂ ਕਾਰਨ ਸਾਹ ਦੀਆਂ ਸਮੱਸਿਆਵਾਂ ਵਧ ਸਕਦੀਆਂ ਹਨ ਅਤੇ ਕੋਵਿਡ ਪ੍ਰਭਾਵਿਤ ਮਰੀਜ਼ਾਂ ਦੀ ਹਾਲਤ ਖ਼ਰਾਬ ਹੋ ਸਕਦੀ ਹੈ। ਉਨ੍ਹਾਂ ਦੱਸਿਆ ਕਿ ਝੋਨੇ ਦੀ ਪਰਾਲੀ ਨੂੰ ਸਾੜਨ ਨਾਲ  70,000 ਐਮ.ਜੀ. ਪ੍ਰਦੂਸ਼ਣ ਕਣ ਪੈਦਾ ਹੁੰਦੇ ਹਨ, ਜੋ ਮਨੁੱਖੀ ਸਿਹਤ ਲਈ ਨੁਕਸਾਨਦੇਹ ਹਨ ਅਤੇ ਮਿੱਟੀ ਦੇ ਪੌਸ਼ਟਿਕ ਤੱਤ ਵੀ ਨਸ਼ਟ ਹੋ ਜਾਂਦੇ ਹਨ। ਇਸ ਲਈ ਕਿਸਾਨਾਂ ਨੂੰ ਪਰਾਲੀ ਸਾੜਨ ਦੀ ਬਜਾਏ ਇਸ ਦਾ ਸੁਚੱਜਾ ਪ੍ਰਬੰਧਨ ਕਰਨਾ ਚਾਹੀਦਾ ਹੈ।
ਉਨ੍ਹਾਂ ਕਿਸਾਨਾਂ ਨੂੰ ਪਰਾਲੀ ਸਾੜਨ ਦੀ ਬਜਾਏ ਵਰਤੋਂ ਵਿੱਚ ਲਿਆਉਣ ਦੀ ਅਪੀਲ ਕਰਦਿਆਂ ਕਿਹਾ ਕਿ ਝੋਨੇ ਦੀ ਪਰਾਲੀ ਦੀ ਵਰਤੋਂ ਪਸ਼ੂ ਚਾਰੇ ਵਜੋਂ ਕੀਤੀ ਜਾਵੇ ਤਾਂ ਇਸ ਨਾਲ ਜਿੱਥੇ ਝੋਨੇ ਦੀ ਪਰਾਲੀ ਦਾ ਨਿਪਟਾਰਾ ਅਸਾਨੀ ਨਾਲ ਹੋ ਸਕੇਗਾ ਉੱਥੇ ਹੀ ਪਸ਼ੂ ਪਾਲਣ ਲਈ ਸਸਤਾ ਚਾਰਾ ਉਪਲਬਧ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਪਸ਼ੂ ਪਾਲਣ ਦਾ ਕਿੱਤਾ ਕਰਨ ਵਾਲੇ ਕਿਸਾਨਾਂ ਲਈ ਪਸ਼ੂਆਂ ਦੇ ਚਾਰੇ ਵਜੋਂ ਪਰਾਲੀ ਸਸਤਾ ਤੇ ਸੰਤੁਲਿਤ ਚਾਰਾ ਹੈ ਅਤੇ ਗਊਸ਼ਾਲਾਵਾਂ ਲਈ ਵੀ ਪਰਾਲੀ ਬਹੁਤ ਹੀ ਵਧੀਆ ਚਾਰੇ ਦਾ ਬਦਲ ਹੈ।
ਮੁੱਖ ਖੇਤੀਬਾੜੀ ਅਫ਼ਸਰ ਡਾ. ਸੁਰਿੰਦਰ ਸਿੰਘ ਨੇ ਕਿਹਾ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਸਾੜਨ ਖ਼ਿਲਾਫ਼ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ, ਜਿਸ ਸਦਕਾ ਜਿੱਥੇ ਪੰਚਾਇਤਾਂ ਵੱਲੋਂ ਪਰਾਲੀ ਸਾੜਨ ਖ਼ਿਲਾਫ਼ ਮਤੇ ਪਾਏ ਜਾ ਰਹੇ ਹਨ ਉੱਥੇ ਵੱਡੀ ਗਿਣਤੀ ਕਿਸਾਨ ਹੋਰਨਾਂ ਕਿਸਾਨਾਂ ਨੂੰ ਜਾਗਰੂਕ ਕਰਨ ਵਿੱਚ ਯੋਗਦਾਨ ਪਾ ਰਹੇ ਹਨ।

Comment here

Verified by MonsterInsights