ਰਾਏਕੋਟ ਤਹਿਸੀਲ ਦੇ ਸਾਹਮਣੇ ਅਤੇ ਸਿਵਲ ਹਸਪਤਾਲ ‘ਚ ਪਾਣੀ ਦੀ ਟੈਂਕੀ ‘ਤੇ ਅਣਪਛਾਤੇ ਵਿਅਕਤੀਆਂ ਨੇ ਖਾਲਿਸਤਾਨ ਦਾ ਝੰਡਾ ਲਹਿਰਾ ਦਿੱਤਾ ਹੈ…
ਪੰਜਾਬ ‘ਚ ਆਏ ਦਿਨ ‘ਖਾਲਿਸਤਾਨੀ ਝੰਡਾ’ ਲਹਿਰਾਉਣ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਅਤੇ ਪੰਜਾਬ ਪੁਲਿਸ ਦੀ ਸਖ਼ਤੀ ਦੇ ਬਾਵਜੂਦ ਵੀ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ। ਹੁਣ ਤਾਜ਼ਾ ਮਾਮਲਾ ਲੁਧਿਆਣਾ ਜ਼ਿਲ੍ਹੇ ਦੇ ਰਾਏਕੋਟ ਸ਼ਹਿਰ ਤੋਂ ਸਾਹਮਣੇ ਆਇਆ ਹੈ, ਜਿੱਥੇ ਰਾਏਕੋਟ ਤਹਿਸੀਲ ਦੇ ਸਾਹਮਣੇ ਅਤੇ ਸਿਵਲ ਹਸਪਤਾਲ ‘ਚ ਪਾਣੀ ਦੀ ਟੈਂਕੀ ‘ਤੇ ਅਣਪਛਾਤੇ ਵਿਅਕਤੀਆਂ ਨੇ ਖਾਲਿਸਤਾਨ ਦਾ ਝੰਡਾ ਲਹਿਰਾ ਦਿੱਤਾ ਹੈ, ਜਦੋਂ ਅੱਜ ਸਵੇਰੇ ਇੱਥੋ ਲੰਘ ਰਹੇ ਰਾਹਗੀਰਾਂ ਦੀ ਨਿਗ੍ਹਾਂ ਇਸ ‘ਤੇ ਪਈ ਤਾਂ ਫਿਰ ਇਸ ਸਬੰਧੀ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ।
ਇਸ ਤੋਂ ਬਾਅਦ ਜਗਰਾਓ ਦੇ ਐੱਸ.ਐੱਸ.ਪੀ ਸਮੇਤ ਦੂਜੇ ਅਧਿਕਾਰੀਆਂ ਨੂੰ ਇਸ ਸਬੰਧੀ ਜਾਣਕਾਰੀ ਦੇ ਦਿੱਤੀ ਹੈ। ਜਾਣਕਾਰੀ ਮਿਲਦਿਆਂ ਹੀ ਮੌਕੇ ‘ਤੇ ਥਾਣਾ ਸਿਟੀ ਦੇ ਮੁਖੀ ਹੀਰਾ ਸਿੰਘ ਪੁਲਿਸ ਪਾਰਟੀ ਸਮੇਤ ਪਹੁੰਚੇ ਅਤੇ ਦੋਵੇਂ ਝੰਡੇ ਉਤਾਰ ਲਏ ਗਏ ਹਨ, ਇਸ ਦੇ ਨਾਲ ਹੀ ਮੌਜੂਦ ਲੋਕਾਂ ਤੋਂ ਪੁੱਛਗਿੱਛ ਵੀ ਕੀਤੀ ਗਈ ਹੈ। ਹੁਣ ਕਸਬੇ ਦੇ ਹੀ ਲੋਕਾਂ ਤੋਂ ਇਸ ਸਬੰਧੀ ਜਾਣਕਾਰੀ ਜੁਟਾਈ ਜਾ ਰਹੀ ਹੈ। ਪਿਛਲੇ 9 ਦਿਨਾਂ ਦੌਰਾਨ ਝੰਡਾ ਲਹਿਰਾਉਣ ਦੀ ਇਹ ਤੀਜੀ ਘਟਨਾ ਸੀ।
ਇਸ ਤੋਂ ਪਹਿਲਾਂ 14 ਅਗਸਤ ਨੂੰ ਮੋਗਾ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ‘ਚ ਖਾਲਿਸਤਾਨ ਦਾ ਝੰਡਾ ਲਹਿਰਾਇਆ ਗਿਆ ਸੀ। ਉਸ ‘ਤੇ ‘ਖਾਲਿਸਤਾਨ ਜ਼ਿੰਦਾਬਾਦ’ ਵੀ ਲਿਖਿਆ ਗਿਆ ਸੀ, ਦੱਸ ਦੇਈਏ ਕਿ ਸਿੱਖ ਫਾਰ ਜਸਟਿਸ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਜੋ ਵੀ ਸਰਕਾਰੀ ਸੰਸਥਾਵਾਂ ‘ਤੇ ਖਾਲਿਸਤਾਨ ਦਾ ਝੰਡਾ ਲਗਾ ਕੇ ਉਸ ਦੀ ਵੀਡੀਓ ਸ਼ੋਸ਼ਲ ਮੀਡੀਆ ‘ਤੇ ਪਾਏਗਾ। ਉਸ ਨੂੰ 500 ਡਾਲਰ ਦਾ ਇਨਾਮ ਦਿੱਤਾ ਜਾਵੇਗਾ। ਇਸ ਤੋਂ ਬਾਅਦ ਮੋਗਾ, ਬਾਘਾਪੁਰਾਣਾ ਸਮੇਤ ਕੁਝ ਹੋਰ ਥਾਵਾਂ ‘ਤੇ ਅਜਿਹੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ।
Comment here