ਧੱਮੀ ਵਾਲੀ ਚਾਟੀ ਵਿਚ ਗੂੰਜਣ ਮਧਾਣੀਆਂ ,
ਰੂਪ ਨਾਲ ਰਜੀਆ ਪੰਜਾਬ ਦੀਆ ਰਾਣੀਆਂ ,
ਮੱਕੀ ਦੀਆ ਰੋਟੀਆਂ ਤੇ ਸੋਨੇ ਦੀਆ ਵਾਲੀਆਂ,
ਜੱਟੀਆਂ ਪੰਜਾਬ ਦੀਆ ਡਾਢੀਆਂ ਸੁਖਾਲੀਆਂ।
ਸਾਉਣ ਦੇ ਸੋਮਵਾਰ ਦੇ ਵਰਤ ਦੀ ਮਹੱਤਤਾ ਸ਼ਿਵਰਾਤਰੀ ਦੇ ਵਰਤ ਦੀ ਤਰ੍ਹਾਂ ਹੀ ਮਨੀ ਜਾਂਦੀ ਹੈ। ਸਾਉਣ ਦੇ ਮਹੀਨੇ ਦਾ ਸ਼ਿਵ ਭਗਤ ਪੂਰੇ ਸਾਲ ਇੰਤਜ਼ਾਰ ਕਰਦੇ ਹਨ। ਮੰਨਿਆ ਜਾਂਦਾ ਹੈ ਕਿ ਜੋ ਵੀ ਸਾਉਣ ਦੇ ਮਹੀਨੇ ਦੇ ਸਾਰੇ ਸੋਮਵਾਰ ਦੇ ਵਰਤ ਰੱਖਦਿਆਂ ਹਨ ਅਤੇ ਭਗਵਾਨ ਭੋਲੇਨਾਥ ਦੀ ਪੂਜਾ ਕਰਦੀਆਂ ਹਨ ਓਹਨਾ ਨੂੰ ਮਨ ਭਾਉਂਦਾ ਵਰ ਮਿਲਦਾ ਹੈ। ਇਹ ਤਾ ਸੀ ਜੀ ਸਾਉਣ ਦੇ ਮਹੀਨੇ ਦੀ ਧਾਰਮਿਕ ਮਹੱਤਤਾ। ਤੇ ਹੁਣ ਅਸੀਂ ਗੱਲ ਕਰਨ ਜਾ ਰਹੇ ਹਾਂ ਪੰਜਾਬ ਦੇ ਵਿਚ ਵਿਲੱਖਣ ਅਤੇ ਰਵਾਇਤੀ ਢੰਗ ਨਾਲ ਮਨਾਏ ਜਾਂਦੇ ਸਾਉਣ ਮਹੀਨੇ ਬਾਰੇ। ਪੰਜਾਬ ਵਿਚ ਸਾਉਣ ਦਾ ਮਹੀਨਾ ਮੌਨਸੂਨ ਦੀ ਸ਼ੁਰੂਵਾਤ ਦਾ ਆਗਾਜ਼ ਕਰਦਾ ਹੈ। ਅਤੇ ਇਸ ਨੂੰ ਇਕ ਤਿਓਹਾਰ ਦੇ ਰੂਪ ਵਿਚ ਮਨਾਇਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਹਰਿਤਾਲਿਕ ਤੀਜ ਦਾ ਨਾਮ ਮੌਨਸੂਨ ਦੀ ਸ਼ੁਰੂਵਾਤ ਤੋਂ ਜੁੜੇ ਹਰਿਆਲੀ ਤੋਂ ਮਿਲਿਆ ਹੈ। ਪੰਜਾਬ ਵਿਚ ਸਾਉਣ ਦੇ ਮਹੀਨੇ ਨੂੰ ‘ਤੀਜ’ ਦੇ ਤਿਓਹਾਰ ਦੇ ਰੂਪ ਚ ਮਨਾਇਆ ਜਾਂਦਾ ਹੈ।ਸਾਉਣ ਦਾ ਮਹੀਨਾ ਸ਼ੁਰੂ ਹੁੰਦੇ ਹੀ ਕੁੜੀ ਦੇ ਪੇਕੇ ਆਪਣੀ ਧੀ ਦੇ ਸੋਹਰੇ ਘਰ ਤੋਹਫ਼ੇ , ਮਠਿਆਈਆਂ ਅਤੇ ਦੇਸੀ ਘਿਓ ਦੇ ਬਣੇ ਬਿਸਕੁਟ, ਸਿੰਗਰਾਂ ਦੇ ਰੂਪ ਵਿਚ ਦੇਣ ਜਾਂਦੇ ਹਨ। ਇਸ ਦੌਰਾਨ ਵਿਹਾਇਆ ਮੁਟਿਆਰਾਂ ਆਪਣੇ ਪੇਕੇ ਪਿੰਡ ਆਕੇ ਆਪਣੀਆਂ ਸਹੇਲਿਆਂ ਨਾਲ ਰਲ ਕੇ ਤੀਜ ਦੇ ਮੇਲੇ ਨੂੰ ਚਾਰ ਚੰਨ ਲਾਉਂਦੀਆਂ ਹਨ। ਸਾਰੀਆਂ ਮੁਟਿਆਰਾਂ ਤੇ ਤੀਵੀਆਂ ਪੰਜਾਬੀ ਵਿਰਸੇ ਅਨੁਸਾਰ ਪੰਜਾਬ ਦੇ ਵੇਸ਼ ਭੂਸ਼ਾ ਵਿਚ ਤਿਆਰ ਹੁੰਦੀਆਂ ਹਨ। ਪਟਿਆਲਾ ਸਲਵਾਰ ਸੂਟ,ਘੱਗਰਾ ,ਕਢਾਈ ਵਾਲੀ ਕੁੜਤੀ, ਫੁਲਕਾਰੀ ,ਕਢਾਈ ਵਾਲੇ ਸ਼ੌਲ , ਕੇਸ਼ਾ ਵਿਚ ਪਰਾਂਦਾ , ਮੱਥੇ ਤੇ ਸੱਗੀ ਫੁੱਲ , ਗੱਲ ਚ ਕੈਂਠਾ ,ਕੰਨਾਂ ਚ ਝੁਮਕੇ ਤੇ ਬਾਲਿਆ , ਹੱਥਾਂ ਤੇ ਮਹਿੰਦੀ ,ਵਿਹਨੀ ਚ ਲਾਲ ਤੇ ਹਰੇ ਰੰਗ ਦੀਆ ਚੂੜੀਆਂ , ਅਤੇ ਪੈਰਾਂ ਚ ਝਾਂਜਰਾਂ ਤੇ ਪੰਜਾਬੀ ਜੁੱਤੀ ਪਾ ਕੇ ਜਦ ਪੰਜਾਬਣਾ ਖੁਲੇ ਮੈਦਾਨ ਵਿਚ ਬੋਲਿਆ ਤੇ ਗਿੱਧਾ ਪਾਉਂਦੀਆਂ ਹਨ ਤੇ ਇੰਜ ਲੱਗਦਾ ਹੈ ਜਿਵੇਂ ਅਰਸ਼ਾ ਦੀਆ ਪਰੀਆਂ ਪੰਜਾਬ ਦੀ ਪਵਿੱਤਰ ਧਰਤੀ ਤੇ ਉਤਰ ਆਈਆਂ ਹੋਣ।ਦਰਖਤ ਦੀ ਡਾਲੀਆਂ ਤੇ ਪੀਂਘ ਪਾਉਂਦੀਆਂ ਮੁਟਿਆਰਾਂ ਖੂਬ ਰੌਣਕ ਲਾਉਂਦੀਆਂ ਹਨ। ਰੰਗ -ਭਿਰੰਗੇ ਪੰਜਾਬੀ ਪਹਿਰਾਵੇ ਚ ਖੁਸ਼ੀ ਚ ਝੂਮਦੀ ਮੁਟਿਆਰਾਂ ਪੰਜਾਬ ਦੀ ਧਰਤੀ ਦਾ ਸਬ ਤੋਂ ਖੂਬਸੂਰਤ ਨਜਾਰਾ ਪੇਸ਼ ਕਰਦਿਆਂ ਹਨ। ਸਾਉਣ ਵਿਚ ਖੀਰ -ਪੂੜੇ , ਤੇ ਹੋਰ ਪਕਵਾਨ ਇਸ ਨੂੰ ਇਕ ਸਵਾਦਿਸ਼ਟ ਮੋੜ ਦਿੰਦੇ ਹਨ।ਮੇਲ ਮਿਲਾਪ ਤੇ ਨਾਰੀਵਾਦ ਨੂੰ ਦਰਸਾਉਣ ਵਾਲਾ ਸਾਉਣ ਆਪਣੇ ਨਾਲ ਹਰ ਸਾਲ ਖੁਸ਼ੀਆਂ ਦੇ ਖੇੜੇ ਲੈ ਕ ਆਉਂਦਾ ਹੈ।
ਸਾਵਣ ਦਾ ਮੀਹ ਛਮ-ਛਮ ਆਉਂਦਾ ,
ਹਰ ਕੋਈ ਦੇਖੋ ਖੁਸ਼ੀ ਮਨਾਉਂਦਾ,
ਤਿਆਰ ਹੋ ਮੁਟਿਆਰਾਂ ਚਲੀਆਂ,
ਤੀਜ ਮਨਾਵਣ ਗਲੀਆਂ – ਗਲੀਆਂ।
Article by – Mandeep kaur chhabra
Comment here