Site icon SMZ NEWS

ਦੁਬਈ ਵਿਚ 110 ਦਿਨਾਂ ਤੋਂ ਬਾਅਦ ਦੁਬਾਰਾ ਖੋਲ੍ਹਿਆ ਗੁਰਦਵਾਰਾ ਗੁਰੂ ਨਾਨਕ ਦਰਬਾਰ ਸਾਹਿਬ

ਸਾਵਧਾਨੀ ਵਰਤਦੇ ਹੋਏ ਗੁਰਦਵਾਰਾ ਗੁਰੂ ਨਾਨਕ ਦਰਬਾਰ ਸਾਹਿਬ ਸਵੇਰੇ 9 ਵਜੇ ਤੋਂ 9:30 ਵਜੇ ਤਕ ਅਤੇ ਫਿਰ ਸ਼ਾਮ 6 ਵਜੇ ਤੋਂ 6:30 ਵਜੇ ਤਕ ਖੁਲ੍ਹਿਆ…

ਦੁਬਈ ਵਿਚ ਗੁਰਦਵਾਰਾ ਗੁਰੂ ਨਾਨਕ ਦਰਬਾਰ ਸਾਹਿਬ 110 ਦਿਨਾਂ ਤੋਂ ਬਾਅਦ ਦੁਬਾਰਾ ਖੋਲ੍ਹਿਆ ਗਿਆ ਹੈ। ਮੀਡੀਆ ਵਿਚ ਆਈਆਂ ਖ਼ਬਰਾਂ ਮੁਤਾਬਕ ਸੰਯੁਕਤ ਅਰਬ ਅਮੀਰਾਤ ਵਿਚ ਜਿਥੇ ਕੋਵਿਡ-19 ਮਹਾਂਮਾਰੀ ਕਾਰਨ ਸੰਭਾਵਤ ਤੌਰ ‘ਤੇ ਸਾਰੇ ਧਾਰਮਕ ਸਥਾਨ ਬੰਦ ਕਰ ਦਿਤੇ ਗਏ ਸਨ ਉਥੇ ਗੁਰੂ ਨਾਨਕ ਦਰਬਾਰ ਗੁਰਦਵਾਰਾ ਸਾਹਿਬ ਦੁਬਾਰਾ ਖੁਲ੍ਹ ਗਿਆ ਹੈ।

ਦੇਸ਼ ਭਰ ਵਿਚ ਮਸਜਿਦਾਂ ਅਤੇ ਦੁਬਈ ਦਾ ਇਕਲੌਤਾ ਹਿੰਦੂ ਮੰਦਰ ਮਾਰਚ ਦੇ ਅੱਧ ਤੋਂ ਬੰਦ ਹੋਣ ਤੋਂ ਬਾਅਦ ਪਿਛਲੇ ਹਫ਼ਤੇ ਦੁਬਾਰਾ ਖੋਲ੍ਹਿਆ ਜਾ ਚੁੱਕਾ ਹੈ।ਚੇਅਰਮੈਨ ਸੁਰਿੰਦਰ ਸਿੰਘ ਕੰਧਾਰੀ ਨੇ ਕਿਹਾ ਕਿ ਦੁਬਈ ਦੀ ਕਮਿਊਨਿਟੀ ਡਿਵੈਲਪਮੈਂਟ ਅਥਾਰਟੀ ਵਲੋਂ ਮੰਜ਼ੂਰੀ ਮਿਲਣ ਤੋਂ ਬਾਅਦ ਸ਼ਨੀਵਾਰ ਨੂੰ ਗੁਰਦਵਾਰਾ ਗੁਰੂ ਨਾਨਕ ਦਰਬਾਰ ਸਾਹਿਬ ਮੁੜ ਖੋਲ੍ਹਿਆ ਦਿੱਤਾ ਗਿਆ।

ਸਾਵਧਾਨੀ ਵਰਤਦੇ ਹੋਏ ਗੁਰਦਵਾਰਾ ਸਾਹਿਬ ਸਵੇਰੇ 9 ਵਜੇ ਤੋਂ 9:30 ਵਜੇ ਤਕ ਅਤੇ ਫਿਰ ਸ਼ਾਮ 6 ਵਜੇ ਤੋਂ 6:30 ਵਜੇ ਤਕ ਖੁਲ੍ਹਿਆ। ਸੁਰਿੰਦਰ ਸਿੰਘ ਕੰਧਾਰੀ ਨੇ ਕਿਹਾ ਕਿ ਸਰਕਾਰੀ ਨਿਰਦੇਸ਼ਾਂ ਮੁਤਾਬਕ ਇਹ ਸਮਾਂ ਸ਼ਨੀਵਾਰ ਤੋਂ ਵੀਰਵਾਰ ਤਕ ਦੋ ਹਫ਼ਤਿਆਂ ਤਕ ਚਲੇਗਾ ਜਿਸ ਤੋਂ ਬਾਅਦ ਅਧਿਕਾਰੀ ਇਸ ਮਾਮਲੇ ਬਾਰੇ ਹੋਰ ਫ਼ੈਸਲਾ ਲੈਣਗੇ। ਉਸ ਸਮੇਂ ਤਕ ਸ਼ੁਕਰਵਾਰ ਨੂੰ ਗੁਰਦਵਾਰਾ ਸਾਹਿਬ ਬੰਦ ਰਹੇਗਾ।

ਇਸ ਦੌਰਾਨ ਸਿਰਫ਼ ਥੋੜ੍ਹੇ ਸਮੇਂ ਲਈ ਦਰਸ਼ਨ ਕਰਨ ਦੀ ਇਜਾਜ਼ਤ ਹੈ। ਅਗਲੇ ਨੋਟਿਸ ਤਕ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਅਤੇ 60 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਦਾਖ਼ਲ ਨਹੀਂ ਹੋਣ ਦਿਤਾ ਜਾਵੇਗਾ।

Exit mobile version